ਸ਼ੱਕੀ ਹਾਲਤ ''ਚ ਜਨਾਨੀ ਲਾਪਤਾ, ਹੋਮਗਾਰਡ ਜਵਾਨ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ
Wednesday, Sep 30, 2020 - 05:47 PM (IST)

ਫਿਰੋਜ਼ਪੁਰ (ਮਲਹੋਤਰਾ) : ਪੁਲਸ ਲਾਈਨ ਕੁਆਟਰਾਂ ਵਿਚ ਆਰਜ਼ੀ ਤੌਰ 'ਤੇ ਸਫਾਈ ਸੇਵਕ ਵਜੋਂ ਕੰਮ ਕਰਨ ਵਾਲੀ ਜਨਾਨੀ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਤੋਂ ਬਾਅਦ ਉਸਦੇ ਭਰਾ ਨੇ ਕੁਝ ਲੋਕਾਂ 'ਤੇ ਅਗਵਾ ਕਰਨ ਦਾ ਸ਼ੱਕ ਜਤਾਇਆ ਹੈ। ਥਾਣਾ ਕੈਂਟ ਮੁਖੀ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਪਿੰਡ ਭੜੋਲੀ ਭੰਨ ਨੇ 3 ਸਤੰਬਰ ਨੂੰ ਦੱਸਿਆ ਸੀ ਕਿ ਉਸ ਦੀ ਭੈਣ ਸੁਰਜੀਤ ਕੌਰ ਪੁਲਸ ਲਾਈਨ ਵਿਚ ਕੱਚੇ ਤੌਰ 'ਤੇ ਸਫਾਈ ਸੇਵਕਾ ਦਾ ਕੰਮ ਕਰਦੀ ਹੈ ਤੇ ਉਸ ਨੂੰ ਰਹਿਣ ਲਈ ਉਥੇ ਹੀ ਕੁਆਟਰ ਮਿਲਿਆ ਹੋਇਆ ਹੈ। ਉਸ ਨੇ ਦੱਸਿਆ ਕਿ 3 ਸਤੰਬਰ ਨੂੰ ਸਵੇਰੇ 11 ਵਜੇ ਜਦੋਂ ਉਹ ਆਪਣੀ ਭੈਣ ਨੂੰ ਮਿਲਣ ਲਈ ਉਸਦੇ ਕੁਆਟਰ ਗਿਆ ਤਾਂ ਉਹ ਉਥੇ ਨਹੀਂ ਸੀ। ਉਸ ਦੇ ਬੱਚਿਆਂ ਨੇ ਦੱਸਿਆ ਕਿ ਸੁਰਜੀਤ ਕੌਰ ਨੂੰ ਹੋਮਗਾਰਡ ਜਵਾਨ ਬਸੰਤ ਲਾਲ, ਸੁਨੀਤਾ ਵਾਸੀ ਫਰੀਦਕੋਟ ਤੇ ਇਕ ਅਣਪਛਾਤਾ ਵਿਅਕਤੀ ਘਰੋਂ ਆਪਣੇ ਨਾਲ ਲੈ ਗਏ ਹਨ।
ਉਸ ਨੇ ਦੋਸ਼ ਲਗਾਏ ਕਿ ਉਸਦੀ ਭੈਣ ਨੇ ਕੁਝ ਦਿਨ ਪਹਿਲਾਂ ਫੋਨ 'ਤੇ ਉਸ ਨੂੰ ਦੱਸਿਆ ਸੀ ਕਿ ਉਕਤ ਲੋਕ ਉਸ ਨੂੰ ਵੱਖ-ਵੱਖ ਕਿਸਮ ਦੀਆਂ ਗੱਲਾਂ ਕਰਕੇ ਤੰਗ ਕਰਦੇ ਹਨ। ਭੈਣ ਦੇ ਲਾਪਤਾ ਹੋਣ ਤੋਂ ਬਾਅਦ ਕਈ ਦਿਨ ਤੱਕ ਉਸ ਨੇ ਉਸਦੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਥਾਣਾ ਮੁਖੀ ਅਨੁਸਾਰ ਸ਼ਿਕਾਇਤ ਕਰਤਾ ਨੂੰ ਸ਼ੱਕ ਹੈ ਕਿ ਉਕਤ ਤਿੰਨਾਂ ਨੇ ਹੀ ਉਸਦੀ ਭੈਣ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਨੂੰ ਅਗਵਾ ਕੀਤਾ ਹੋ ਸਕਦਾ ਹੈ। ਇਸ ਆਧਾਰ 'ਤੇ ਤਿੰਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।