ਪੰਚਾਇਤ ਸਕੱਤਰ ਵਜੋਂ ਤਾਇਨਾਤ ਵਿਅਕਤੀ ਦਾ ਕਤਲ, ਦੋ ਸਾਲ ਬਾਅਦ ਪਤਨੀ ’ਤੇ ਦਰਜ ਹੋਇਆ ਮਾਮਲਾ

Saturday, Dec 09, 2023 - 02:55 PM (IST)

ਮੋਗਾ (ਆਜ਼ਾਦ) : ਥਾਣਾ ਸਿਟੀ ਮੋਗਾ ਜ਼ਿਲ੍ਹੇ ਦੇ ਪਿੰਡ ਗਲੋਟੀ ਹਾਲ ਅਬਾਦ ਟੀਚਰ ਕਾਲੋਨੀ ਮੋਗਾ ਨਿਵਾਸੀ ਗੁਰਮਿੰਦਰਪਾਲ ਸਿੰਘ ਦੇ ਹੋਏ ਕਤਲ ਦੇ ਮਾਮਲੇ ਵਿਚ ਪੁਲਸ ਵੱਲੋਂ ਦੋ ਸਾਲ ਬਾਅਦ ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਨਿਵਾਸੀ ਪਿੰਡ ਗਲੋਟੀ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨਿਵਾਸੀ ਪਿੰਡ ਗਲੋਟੀ ਹਾਲ ਰਟੋਲ ਤਰਨਤਾਰਨ, ਜਰਮਨ ਸਿੰਘ, ਹਰਮਨ ਸਿੰਘ, ਪ੍ਰਗਟ ਸਿੰਘ ਸਾਰੇ ਨਿਵਾਸੀ ਪਿੰਡ ਰਟੋਲ ਤਰਨਤਾਰਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਮੋਗਾ ਦੇ ਇੰਚਾਰਜ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਵਿੰਦਰ ਸਿੰਘ ਨੇ ਕਿਹਾ ਕਿ ਉਸਦਾ ਭਰਾ ਗੁਰਪਿੰਦਰਪਾਲ ਸਿੰਘ ਜੋ ਬਤੌਰ ਪੰਚਾਇਤ ਸਕੱਤਰ ਨੌਕਰੀ ਕਰਦਾ ਸੀ ਅਤੇ ਟੀਚਰ ਕਾਲੋਨੀ ਮੋਗਾ ਵਿਚ ਰਹਿੰਦਾ ਸੀ। 

ਉਕਤ ਨੇ ਦੱਸਿਆ ਕਿ 8 ਅਗਸਤ 2021 ਨੂੰ ਮੇਰੇ ਭਰਾ ਗੁਰਪਿੰਦਰਪਾਲ ਸਿੰਘ ਦੀ ਮੌਤ ਟੀਚਰ ਕਾਲੋਨੀ ਮੋਗਾ ਵਿਚ ਉਸ ਦੇ ਘਰ ’ਚ ਹੋਈ ਸੀ, ਜਿਸ ’ਤੇ ਮੇਰੀ ਭਾਬੀ ਰੁਪਿੰਦਰ ਕੌਰ ਦੇ ਬਿਆਨਾਂ ’ਤੇ ਪੁਲਸ ਵੱਲੋਂ 9 ਅਗਸਤ 2021 ਵਿਚ ਅ/ਧ 174 ਦੀ ਕਾਰਵਾਈ ਕੀਤੀ ਗਈ ਸੀ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਸੀ। ਉਸ ਨੇ ਕਿਹਾ ਕਿ ਹੁਣ ਮੈਂਨੂੰ ਪਤਾ ਲੱਗਾ ਹੈ ਕਿ ਮੇਰੇ ਭਰਾ ਗੁਰਪਿੰਦਰ ਸਿੰਘ ਦੇ ਆਪਣੀ ਪਤਨੀ ਰੁਪਿੰਦਰ ਕੌਰ ਨਾਲ ਲੜਾਈ ਝਗੜਾ ਹੋਇਆ ਸੀ। ਕਥਿਤ ਦੋਸ਼ੀਆਂ ਨੇ ਲਾਲਚ ਵਿਚ ਆ ਕੇ ਉਸਦੇ ਭਰਾ ਗੁਰਪਿੰਦਰਪਾਲ ਸਿੰਘ ਦਾ ਕੁੱਟ-ਮਾਰ ਕਰਕੇ ਕਤਲ ਕਰ ਦਿੱਤਾ ਤਾਂਕਿ ਉਸਦੀ ਮੌਤ ਤੋਂ ਬਾਅਦ ਨੌਕਰੀ ਅਤੇ ਪੈਸੇ ਪਤਨੀ ਰੁਪਿੰਦਰ ਕੌਰ ਨੂੰ ਮਿਲ ਸਕਣ। ਇਸ ਕਾਰਣ ਉਨ੍ਹਾਂ ਕਥਿਤ ਮਿਲੀਭੁਗਤ ਕਰ ਕੇ ਮੇਰੇ ਭਰਾ ਦਾ ਕੁੱਟ-ਮਾਰ ਕਰ ਕੇ ਕਤਲ ਕੀਤਾ ਹੈ। ਪੁਲਸ ਵੱਲੋਂ ਉਕਤ ਮਾਮਲੇ ਵਿਚ ਡਾਕਟਰੀ ਰਾਇ ਅਤੇ ਕਾਨੂੰਨੀ ਰਾਇ ਹਾਸਲ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Gurminder Singh

Content Editor

Related News