ਸਹੁਰਿਆਂ ਤੋਂ ਦੁਖ਼ੀ ਹੋਈ ਵਿਧਵਾ ਜਨਾਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਾਨਕੇ ਘਰ ਖ਼ੁਦ ਨੂੰ ਲਾਇਆ ਫ਼ਾਹਾ
Wednesday, Feb 09, 2022 - 12:13 PM (IST)
ਡੇਰਾਬੱਸੀ (ਜ. ਬ.) : ਡੇਰਾਬੱਸੀ-ਬਰਵਾਲਾ ਮਾਰਗ ’ਤੇ ਸਥਿਤ ਭਗਤ ਸਿੰਘ ਨਗਰ ਕਾਲੋਨੀ ’ਚ ਆਪਣੇ ਨਾਨਕੇ ਘਰ ਆਈ 32 ਸਾਲਾ ਵਿਧਵਾ ਜਨਾਨੀ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਪੱਖੇ ਨਾਲ ਲਟਕ ਕੇ ਫ਼ਾਹਾ ਲੈ ਲਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰੇ ਪਰਿਵਾਰ ’ਤੇ ਉਸ ਨੂੰ ਤੰਗ-ਪਰੇਸ਼ਾਨ ਕਰਕੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸਿਮਰਨ ਜੱਸੀ ਪੁੱਤਰੀ ਮੰਗਲ ਸਿੰਘ ਵਜੋਂ ਹੋਈ ਹੈ। ਸਿਮਰਨ ਜੱਸੀ ਦਾ ਵਿਆਹ 2006 ਵਿਚ ਜਗਾਧਰੀ ਨਿਵਾਸੀ ਬਲਜੀਤ ਸਿੰਘ ਪੁੱਤਰ ਰਘੁਵੀਰ ਸਿੰਘ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਸਿਮਰਜੀਤ ਬੈਂਸ ਨੂੰ ਪੁਲਸ ਨੇ ਕੀਤਾ ਰਿਹਾਅ, ਮਾਮਲੇ ਦੀ ਜਾਂਚ ਦੇ ਹੁਕਮ ਜਾਰੀ
ਉਸ ਦੇ ਪਤੀ ਦੀ 2013 ਵਿਚ ਮੌਤ ਹੋ ਗਈ ਸੀ। ਸਿਮਰਨ ਦੇ ਛੋਟੇ ਭਰਾ ਗਗਨਦੀਪ ਨੇ ਦੱਸਿਆ ਕਿ ਸਿਮਰਨ ਆਪਣੀਆਂ ਦੋ ਧੀਆਂ ਨਾਲ ਆਪਣੇ ਸਹੁਰੇ ਘਰ ਵਿਚ ਰਹਿ ਰਹੀ ਸੀ ਪਰ ਉੱਥੇ ਉਸ ਦੇ ਸੱਸ, ਸਹੁਰਾ ਅਤੇ ਦਿਓਰ ਵੱਲੋਂ ਉਸ ਨੂੰ ਤਾਅਨੇ ਮਾਰ ਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਸਿਮਰਨ 28 ਜਨਵਰੀ ਨੂੰ ਡੇਰਾਬੱਸੀ ਭਗਤ ਸਿੰਘ ਨਗਰ ਸਥਿਤ ਆਪਣੀ ਮਾਂ ਦੇ ਘਰ ਆਈ ਸੀ ਅਤੇ ਉਦੋਂ ਤੋਂ ਉਹ ਮਾਨਸਿਕ ਤਣਾਅ ਵਿਚ ਸੀ। ਮੰਗਲਵਾਰ ਨੂੰ ਘਰ ’ਚ ਕੋਈ ਨਾ ਹੋਣ ’ਤੇ ਉਸ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਸਿਮਰਨ ਦੀ ਲਾਸ਼ ਨੂੰ ਹੇਠਾਂ ਉਤਾਰ ਲਿਆ ਗਿਆ ਅਤੇ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਲੇਗੀ 'ਇੰਗਲਿਸ਼ ਡਿਕਸ਼ਨਰੀ'
ਸਿਮਰਨ ਦੀ ਮੌਤ ਦੇ ਨਾਲ ਹੀ ਦੋਵੇਂ ਧੀਆਂ ਅਨਾਥ ਹੋ ਗਈਆਂ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਸਿਮਰਨ ਦੀ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ, ਜਿੱਥੇ ਬੁੱਧਵਾਰ ਪੋਸਟਮਾਰਟਮ ਕੀਤਾ ਜਾਵੇਗਾ। ਮੌਤ ਦਾ ਕਾਰਨ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋਣਾ ਦੱਸਿਆ ਜਾ ਰਿਹਾ ਹੈ। ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਫਿਲਹਾਲ ਉਸ ਦੇ ਭਰਾ ਵੱਲੋਂ ਸਹੁਰਾ ਪਰਿਵਾਰ ’ਤੇ ਲਾਏ ਗਏ ਦੋਸ਼ਾਂ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ