ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ’ਤੇ ਡਰ ਅਤੇ ਵਿਵਾਦ ਕਿਉਂ ?

Thursday, Apr 02, 2020 - 09:57 PM (IST)

ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ’ਤੇ ਡਰ ਅਤੇ ਵਿਵਾਦ ਕਿਉਂ ?

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਅੱਜ ਸਵੇਰੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ 'ਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਦੋਂ ਅੰਮ੍ਰਿਤਸਰ ਵੇਰਕਾ ਦੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਤਾਂ ਸਥਾਨਕ ਦੇ ਲੋਕਾਂ ਨੇ ਮੌਜੂਦਾ ਥਾਂ ’ਤੇ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਲੋਕਾਂ ਦਾ ਕਹਿਣਾ ਸੀ ਭਾਈ ਸਾਹਿਬ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ, ਇਸ ਲਈ ਉਹ ਇੱਥੇ ਸਸਕਾਰ ਨਹੀਂ ਹੋਣ ਦੇਣਗੇ। ਇਸ ਘਟਨਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਖ ਪੰਥ ਦੀ ਉਘੀ ਸ਼ਖਸੀਅਤ ਦਾ ਨਿਰਾਦਰ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਗੁਰੂ ਸਾਹਿਬਾਨ ਦੀ ਸ਼ਾਨਾਮੱਤੀ ਸਿੱਖ ਵਿਰਾਸਤ ਦਾ ਨਿਰਾਦਰ ਨਾ ਕਰਨ ਦੀ ਨਸੀਹਤ ਦਿੱਤੀ। ਇਸ ਦੇ ਨਾਲ-ਨਾਲ ਉਨ੍ਹਾਂ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ।

ਪੰਜਾਬ ਵਿਚ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਨੂੰ ਲੈ ਕੇ ਵਿਵਾਦ ਉੱਠਿਆ ਹੋਵੇ। ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿਚ ਕੋਰੋਨਾ ਵਾਇਰਸ ਦੇ ਸ਼ੱਕ ਦੇ ਅਧਾਰ ’ਤੇ ਹੀ ਨੌਜਵਾਨ ਸੁਖਦੇਵ ਸਿੰਘ ਦੇ ਅੰਤਿਮ ਸੰਸਕਾਰ ’ਤੇ ਵਿਵਾਦ ਹੋ ਚੁੱਕਿਆ ਹੈ। ਜਦਕਿ ਇਸ ਘਟਨਾ ਦੀ ਸੱਚਾਈ ਇਹ ਸੀ ਕਿ ਸੁਖਦੇਵ ਸਿੰਘ ਨੂੰ ਕੋਰੋਨਾ ਵਾਇਰਸ ਨਹੀਂ ਸੀ। ਸੁਖਦੇਵ ਸਿੰਘ ਨੂੰ ਅਨੀਮੀਆ ਵਿਦ ਸੈਪਟੀਸੀਮਿਆ ਦਾ ਰੋਗ ਸੀ, ਜਿਸ ਕਾਰਨ 30 ਮਾਰਚ ਨੂੰ ਉਸਦੀ ਮੌਤ ਹੋ ਗਈ ਸੀ। ਹਸਪਤਾਲ ਵਲੋਂ ਜਦੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਫਿਰੋਜ਼ਪੁਰ ਭੇਜਿਆ ਗਿਆ ਤਾਂ ਕਿਸੇ ਨੇ ਅਫਵਾਹ ਫੈਲਾਅ ਦਿੱਤੀ ਕਿ ਉਸ ਨੂੰ ਕੋਰੋਨਾ ਵਾਇਰਸ ਸੀ। ਅੰਤਿਮ ਸੰਸਕਾਰ ਲਈ ਸੁਖਦੇਵ ਸਿੰਘ ਦੀ ਦੇਹ ਜਦੋਂ ਫਿਰੋਜ਼ਪੁਰ ਛਾਉਣੀ ਵਿਚ ਲਿਜਾਈ ਗਈ ਤਾਂ ਇਕੱਠੇ ਹੋਏ ਲੋਕਾਂ ਨੇ ਉਸਦਾ ਸਸਕਾਰ ਨਹੀਂ ਹੋਣ ਦਿੱਤਾ ਅਤੇ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਭੇਜ ਦਿੱਤਾ। ਫਿਰ ਉਸਦੀ ਮ੍ਰਿਤਕ ਦੇਹ ਸਸਕਾਰ ਲਈ ਸ਼ਹਿਰ ਦੇ ਇਕ ਹੋਰ ਸ਼ਮਸ਼ਾਨਘਾਟ ਵਿਚ ਲਿਜਾਣ ਦੀ ਤਿਆਰ ਕੀਤੀ ਗਈ ਪਰ ਉਥੇ ਵੀ ਲੋਕ ਵਿਰੋਧ ਕਰਨ ਲਈ ਇਕੱਠੇ ਹੋ ਗਏ। ਉਸ ਤੋਂ ਬਾਅਦ ਮ੍ਰਿਤਕ ਦੇਹ ਜੀਰਾ ਗੇਟ ਸਥਿਤ ਸ਼ਮਸ਼ਾਨਘਾਟ ਵਿਚ ਲਿਜਾਈ ਗਈ, ਉਥੇ ਵੀ ਇਸੇ ਤਰ੍ਹਾਂ ਵਿਰੋਧ ਹੋਇਆ। ਇੱਥੇ ਪ੍ਰਸ਼ਾਸ਼ਨ ਅਮਲੇ ਅਤੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਸਮਝਾ-ਬੁਝਾਅ ਕੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਾਤ 11 ਵਜੇ ਦੇ ਕਰੀਬ ਸੁਖਦੇਵ ਸਿੰਘ ਦਾ ਅੰਤਿਮ ਸੰਸਕਾਰ ਕੀਤਾ।  ਹੁਣ ਸਵਾਲ ਖੜਾ ਹੁੰਦਾ ਹੈ ਕਿ ਇਸ ਭਿਆਨਕ ਸੰਕਟ ਦੀ ਘੜੀ ਵਿਚ ਅਜਿਹੇ ਮਾਮਲੇ ਸਾਹਮਣੇ ਆਉਣਾ ਕੀ ਮੰਦਭਾਗਾ ਨਹੀਂ ਹੈ ? ਸਵਾਲ ਇਹ ਵੀ ਹੈ ਕਿ ਬੀਮਾਰੀ ਦੇ ਖੌਫ ਹੇਠ ਕੀ ਅਸੀਂ ਇਨਸਾਨੀ ਕਦਰਾਂ-ਕੀਮਤਾਂ ਵੀ ਭੁੱਲ ਬੈਠੇ ਹਾਂ ? ਸਵਾਲ ਇਹ ਵੀ ਹੈ ਕਿ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਫੈਲਣ ਦਾ ਇਹ ਡਰ ਕਿੰਨਾ ਕੁ ਜਾਇਜ਼ ਹੈ।

ਕੀ ਸੰਸਕਾਰ ਵਾਲੀਆਂ ਥਾਵਾਂ ’ਤੇ ਫੈਲ ਸਕਦਾ ਹੈ ਕੋਰੋਨਾ ਵਾਇਰਸ ?
 ਇਸ ਵਾਇਰਸ ਸਬੰਧੀ ਹੁਣ ਤੱਕ ਹੋਈਆਂ ਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਇਰਸ ਇਸ ਤਰ੍ਹਾਂ ਨਹੀਂ ਫੈਲਦਾ। ਸਰਕਾਰ ਦੇ ਪੱਧਰ ’ਤੇ ਇਹ ਘਾਟ ਰਹੀ ਹੈ ਕਿ ਉਹ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਨਹੀਂ ਕਰ ਸਕੀ। ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਸਬੰਧੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਦਾਇਤਾਂ ਵੀ ਜਾਰੀ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਖਾਸ ਪ੍ਰਬੰਧਾਂ ਹੇਠ ਕੀਤੇ ਗਏ ਸੰਸਕਾਰ ਨਾਲ ਵਾਇਰਸ ਨਹੀਂ ਫੈਲਦਾ। ਇਸ ਤੋਂ ਇਲਾਵਾ WHO ਵੱਲੋਂ ਵੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਵਾਇਰਸ ਹਵਾ ਵਿਚ ਨਹੀਂ ਫੈਲ ਸਕਦਾ। ਇਸ ਵਾਇਰਸ ਦੇ ਫੈਲਣ ਵਿਚ ਪੀੜਤ ਮਰੀਜ਼ ਦੀ ਖੰਘ, ਛਿੱਕ ਅਤੇ ਬਿਨਾਂ ਸੁਰੱਖਿਆ ਤੋਂ ਉਸ ਦੇ ਨੇੜੇ ਜਾਣਾ ਹੀ ਮੁੱਖ ਭੂਮਿਕਾ ਨਿਭਾਉਂਦੇ ਹਨ। 

ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਲਈ ਖਾਸ ਥਾਵਾਂ ਨਿਧਾਰਤ ਹੋਣ : ਸੁਖਪਾਲ ਸਿੰਘ ਖਹਿਰਾ 
ਇਸ ਸਾਰੇ ਮਾਮਲੇ ਸਬੰਧੀ ਜਗਬਾਣੀ ਵੱਲੋਂ ਜਦੋਂ ਪੰਜਾਬ ਏਕਤਾ ਪਾਰਟੀ ਦੇ ਮੁੱਖ ਆਗੂ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਵਰਗੀ ਸ਼ਖਸੀਅਤ ਨਾਲ ਅਜਿਹਾ ਹੋਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿਚ ਵਾਪਰੀ ਘਟਨਾ ’ਤੇ ਵੀ ਉਨ੍ਹਾਂ ਨੂੰ ਦੁੱਖ ਹੈ। ਖਹਿਰਾ ਨੇ ਕਿਹਾ ਇਸ ਸਭ ਦਾ ਸਹੀ ਹੱਲ ਇਹੀ ਹੈ ਕਿ ਕੋਰੋਨਾ ਵਾਇਰਸ ਨਾਲ ਜਾਣ ਵਾਲੀਆਂ ਜਾਨਾਂ ਲਈ ਖਾਸ ਸ਼ਮਸ਼ਾਨਘਾਟ ਨਿਰਧਾਰਤ ਕਰ ਲਏ ਜਾਣ, ਜਿੱਥੇ ਪੰਜਾਬ ਸਰਕਾਰ WHO ਅਤੇ ਭਾਰਤ ਸਰਕਾਰ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਨਿਗਰਾਨੀ ਹੇਠ ਸੰਸਕਾਰ ਕਰ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸਦਾ ਜਲਦ ਹੱਲ ਲੱਭੇ ਤਾਂ ਕਿ ਪੰਜਾਬ ਵਿਚ ਮੁੜ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ। 


author

jasbir singh

News Editor

Related News