ਨਾ ਬੂਮ ਬੈਰੀਅਰ, ਨਾ ਕੈਮਰੇ, ਨਾ ਸਮਾਰਟ ਹੋਈ ਪਾਰਕਿੰਗ ਫਿਰ ਵੀ ਰੇਟ ਕੀਤੇ ਦੁੱਗਣੇ

Friday, Dec 08, 2017 - 07:28 AM (IST)

ਨਾ ਬੂਮ ਬੈਰੀਅਰ, ਨਾ ਕੈਮਰੇ, ਨਾ ਸਮਾਰਟ ਹੋਈ ਪਾਰਕਿੰਗ ਫਿਰ ਵੀ ਰੇਟ ਕੀਤੇ ਦੁੱਗਣੇ

ਚੰਡੀਗੜ੍ਹ  (ਰਾਏ) - ਸ਼ਹਿਰ ਦੀ ਪੇਡ ਪਾਰਕਿੰਗ ਦੇ ਰੇਟ ਕੱਲ ਤੋਂ ਦੁੱਗਣੇ ਹੋ ਗਏ ਹਨ। ਇਸ ਫੀਸ ਦੇ ਵਾਧੇ ਦਾ ਵਾਧੂ ਭਾਰ ਸ਼ਹਿਰ ਦੇ ਲੋਕਾਂ ਦੀ ਜੇਬ 'ਤੇ ਪਵੇਗਾ। ਇਹ ਨਵੇਂ ਰੇਟ ਸ਼ੁੱਕਰਵਾਰ 8 ਦਸੰਬਰ ਤੋਂ ਲਾਗੂ ਹੋਣਗੇ। ਪੇਡ ਪਾਰਕਿੰਗ ਦੇ ਰੇਟ ਸ਼ਹਿਰ ਦੇ ਸਾਰੇ (25) ਪਾਰਕਿੰਗ ਸਥਾਨਾਂ ਤੋਂ ਇਲਾਵਾ ਸੈਕਟਰ-17 ਮਲਟੀਲੈਵਲ ਪਾਰਕਿੰਗ, ਫਨ ਰੀਪਬਲਿਕ, ਮਨੀਮਾਜ਼ਰਾ ਦੇ ਨੇੜੇ ਪਿਕਾਡਲੀ ਮਲਟੀਪਲੈਕਸ, ਸੈਕਟਰ-34, ਏਲਾਂਤੇ ਮਾਲ 'ਚ ਵਸੂਲੇ ਜਾਣਗੇ।  ਬੁੱਧਵਾਰ ਨੂੰ ਨਿਗਮ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨੇ ਸਾਰੀਆਂ ਪੇਡ ਪਾਰਕਿੰਗਾਂ ਦੀਆਂ ਸਹੂਲਤਾਂ ਦਾ ਨਿਰੀਖਣ ਕੀਤਾ ਸੀ, ਇਸ ਤੋਂ ਬਾਅਦ ਹੇਠਲੇ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ 'ਤੇ ਪਾਰਕਿੰਗ ਰੇਟ ਵੀ ਵਧਾਏ ਜਾਣ ਦਾ ਫੈਸਲਾ ਲਿਆ ਗਿਆ। ਨਿਗਮ ਨੇ ਇਸ ਤੋਂ ਪਹਿਲਾਂ ਵੀ ਪਾਰਕਿੰਗ ਠੇਕੇਦਾਰ 'ਤੇ ਮਿਹਰਬਾਨੀ ਕਰਦੇ ਹੋਏ ਕਈ ਸੈਕਟਰਾਂ ਦੀ ਪਾਰਕਿੰਗ 'ਚ ਓਵਰਚਾਰਜਿੰਗ ਦੀ ਸ਼ਿਕਾਇਤ ਆਉਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਸੀ।  ਠੇਕੇ ਦੇ ਨਿਯਮਾਂ ਤੇ ਸ਼ਰਤਾਂ ਤਹਿਤ ਪਾਰਕਿੰਗਾਂ ਦੀ ਐਂਟਰੀ ਤੇ ਐਗਜ਼ਿਟ 'ਤੇ ਬੂਮ ਬੈਰੀਅਰ ਲਾਉਣ ਤੋਂ ਇਲਾਵਾ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣੇ ਸਨ ਪਰ ਅਜੇ ਤਕ ਇਹ ਪੂਰੀਆਂ ਪਾਰਕਿੰਗ 'ਚ ਇਹ ਸਭ ਨਹੀਂ ਹੋਇਆ ਹੈ ਫਿਰ ਵੀ ਰੇਟ ਵਧਾ ਦਿੱਤੇ ਗਏ।
ਨਿਗਮ ਕਮਿਸ਼ਨਰ ਦਾ ਦੋਹਰਾ ਬਿਆਨ ਆ ਰਿਹੈ ਸਾਹਮਣੇ
ਨਿਗਮ ਕਮਿਸ਼ਨਰ ਜਤਿੰਦਰ ਯਾਦਵ ਦਾ ਦੋਹਰਾ ਬਿਆਨ ਸਾਹਮਣੇ ਆ ਰਿਹਾ ਹੈ। 27 ਨਵੰਬਰ ਨੂੰ ਨਿਗਮ ਸਦਨ ਦੀ ਬੈਠਕ 'ਚ ਵਿਰੋਧੀ ਧਿਰ ਦੇ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਪੇਡ ਪਾਰਕਿੰਗ ਦਾ ਏਜੰਡਾ ਆਉਣ 'ਤੇ ਇਤਰਾਜ਼ ਪ੍ਰਗਟਾਇਆ ਸੀ, ਇਸ 'ਤੇ ਨਿਗਮ ਕਮਿਸ਼ਨਰ ਨੇ ਇਹ ਕਹਿ ਕੇ ਸਦਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਏਜੰਡਾ ਸਿਰਫ ਦੱਸਣ ਲਈ ਪਾਇਆ ਗਿਆ ਹੈ, ਜਿਨ੍ਹਾਂ ਦਾ ਕਹਿਣਾ ਸੀ ਕਿ ਪਾਰਕਿੰਗਾਂ 90 ਫੀਸਦੀ ਸਮਾਰਟ ਹੋ ਗਈਆਂ ਹਨ, ਜਿਨ੍ਹਾਂ ਦੇ 100 ਫੀਸਦੀ ਸਮਾਰਟ ਹੋਣ ਤੋਂ ਬਾਅਦ ਹੀ ਰੇਟ ਵਧਾਏ ਜਾਣਗੇ। ਉਨ੍ਹਾਂ ਦੀ ਇਸ ਗੱਲ ਤੋਂ ਸਾਰਿਆਂ ਨੂੰ ਏਜੰਡੇ ਦੇ ਡੈਫਰ ਹੋਣ ਦੀ ਗੱਲ ਮਹਿਸੂਸ ਹੋਈ ਸੀ। ਜਦੋਂਕਿ ਉਹ ਇਸਦੇ ਉਲਟ ਸਦਨ ਦੀ ਬੈਠਕ 'ਚ ਇਸ ਸਬੰਧੀ ਏਜੰਡਾ ਪਾਸ ਹੋਣ ਦਾ ਦਾਅਵਾ ਕਰ ਰਹੇ ਹਨ। ਪੇਡ ਪਾਰਕਿੰਗ ਦੇ ਰੇਟ ਵਧਾਏ ਜਾਣ ਸਬੰਧੀ ਨਿਗਮ ਕਮਿਸ਼ਨਰ ਵਲੋਂ ਗੁੰਮਰਾਹ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਗਈ। ਸਮਾਰਟ ਪਾਰਕਿੰਗ ਨਾਲ ਜੁੜਿਆ ਐਨਾ ਅਤਿ ਸੰਵੇਦਨਸ਼ੀਲ ਏਜੰਡਾ ਪਾਸ ਹੋਇਆ ਜਾਂ ਡੈਫਰ ਹੋਇਆ ਇਸ ਸਬੰਧੀ ਗੁੰਮਰਾਹ ਕੀਤਾ ਗਿਆ।
ਅਗਲੇ ਸਾਲ ਵਧੇਗੀ ਹੋਰ ਫੀਸ
ਇਹੀ ਨਹੀਂ ਪੇਡ ਪਾਰਕਿੰਗ ਦਾ ਰੇਟ ਵਧਾਏ ਜਾਣ ਵਾਲੀ ਫੀਸ ਵੀ ਸਿਰਫ ਅਗਲੇ ਸਾਲ 31 ਮਾਰਚ ਤਕ ਤੈਅ ਕੀਤੀ ਗਈ। ਇਸ ਤੋਂ ਬਾਅਦ ਲੋਕਾਂ ਨੂੰ ਪਾਰਕਿੰਗ ਦੀ ਵਰਤੋਂ ਕਰਨ ਲਈ ਹੋਰ ਜ਼ਿਆਦਾ ਫੀਸ ਦੇਣੀ ਹੋਵੇਗੀ। ਹਾਲਾਂਕਿ ਇਹ ਸਾਰੀਆਂ ਗੱਲਾਂ ਪਹਿਲਾਂ ਨਗਰ ਨਗਮ ਦੇ ਸਦਨ 'ਚ ਤੈਅ ਹੋ ਚੁੱਕੀਆਂ ਸਨ ਪਰ ਸ਼ਹਿਰ ਦੇ ਲੋਕਾਂ ਨੂੰ ਕੌਂਸਲਰ ਤੇ ਮੇਅਰ ਤੋਂ ਇਹ ਆਸ ਸੀ ਕਿ ਸ਼ਾਇਦ ਉਹ ਇਸ ਮੁੱਦੇ ਨੂੰ ਸਦਨ 'ਚ ਚੁੱਕਣਗੇ ਤੇ ਪਾਰਕਿੰਗ ਦੇ ਰੇਟ 'ਤੇ ਲਗਾਮ ਲਾਉਣਗੇ।
ਅੱਜ ਤੋਂ ਲਾਗੂ ਹੋਣ ਵਾਲੀਆਂ ਦਰਾਂ
ਦੋਪਹੀਆ ਵਾਹਨ ਪਹਿਲੇ ਚਾਰ ਘੰਟੇ ਲਈ 5 ਰੁਪਏ, 6 ਘੰਟਿਆਂ ਲਈ 10 ਰੁਪਏ, 8 ਘੰਟਿਆਂ ਲਈ 15 ਰੁਪਏ, 10 ਘੰਟਿਆਂ ਲਈ 20 ਰੁਪਏ, 12 ਘੰਟਿਆਂ ਤੇ ਇਸ ਤੋਂ ਉਪਰ ਲਈ 25 ਰੁਪਏ ਦੇਣੇ ਹੋਣਗੇ। ਇਕ ਦਿਨ ਦੇ ਪਾਸ ਲਈ ਚਾਲਕ ਨੂੰ 17 ਰੁਪਏ ਦੇਣੇ ਹੋਣਗੇ। ਚਾਰ ਪਹੀਆ ਵਾਹਨ ਪਾਰਕ ਕਰਨ 'ਤੇ 4 ਘੰਟਿਆਂ ਲਈ 10 ਰੁਪਏ, 6 ਘੰਟਿਆਂ ਲਈ 20 ਰੁਪਏ, 8 ਘੰਟਿਆਂ ਲਈ 30 ਰੁਪਏ, 10 ਘੰਟਿਆਂ ਲਈ 40 ਰੁਪਏ, 12 ਘੰਟਿਆਂ ਦੇ 50 ਰੁਪਏ ਦੇਣੇ ਹੋਣਗੇ।  
ਡੇਅ ਪਾਸ ਲਈ 27 ਰੁਪਏ ਦੇਣੇ ਪੈਣਗੇ। ਮਿੰਨੀ ਬੱਸ ਲਈ 4 ਘੰਟਿਆਂ ਲਈ 20 ਰੁਪਏ, 6 ਘੰਟਿਆਂ ਲਈ 40 ਰੁਪਏ, 8 ਘੰਟਿਆਂ ਦੇ 60 ਰੁਪਏ, 10 ਘੰਟਿਆਂ ਲਈ 80 ਰੁਪਏ ਤੇ 12 ਘੰਟਿਆਂ ਦੇ 100 ਰੁਪਏ ਦੇਣੇ ਹੋਣਗੇ। ਇਨ੍ਹਾਂ ਨੂੰ ਡੇਅ ਪਾਸ ਲਈ 50 ਰੁਪਏ ਦੇਣੇ ਹੋਣਗੇ। ਟੂਰਿਸਟ ਬੱਸਾਂ ਲਈ 4 ਘੰਟਿਆਂ ਲਈ 50 ਰੁਪਏ, 6 ਘੰਟਿਆਂ ਦੇ 100 ਰੁਪਏ, 8 ਘੰਟਿਆਂ ਦੇ 170 ਰੁਪਏ, 10 ਘੰਟਿਆਂ ਦੇ 200 ਰੁਪਏ ਤੇ 12 ਘੰਟਿਆਂ ਲਈ 250 ਰੁਪਏ ਦੇਣੇ ਹੋਣਗੇ। ਡੇਅ ਪਾਸ ਦੇ ਇਨ੍ਹਾਂ ਨੂੰ 125 ਰੁਪਏ ਦੇਣੇ ਹੋਣਗੇ।  ਤਿੰਨ ਪਹੀਆ ਵਾਹਨਾਂ ਲਈ 4 ਘੰਟਿਆਂ ਦੇ 10 ਰੁਪਏ, 6 ਘੰਟਿਆਂ ਦੇ 20 ਰੁਪਏ, 8 ਘੰਟਿਆਂ ਦੇ 30 ਰੁਪਏ, 10 ਘੰਟਿਆਂ ਦੇ 40 ਰੁਪਏ, ਜਦੋਂਕਿ 12 ਘੰਟਿਆਂ ਲਈ 50 ਰੁਪਏ ਦੇਣੇ ਹੋਣਗੇ। ਡੇਅ ਪਾਸ ਲਈ ਇਨ੍ਹਾਂ ਨੂੰ 25 ਰੁਪਏ ਦੇਣੇ ਪੈਣਗੇ।


Related News