ਬਾਜਵਾ ''ਤੇ ਕਾਰਵਾਈ ਨਹੀਂ ਤਾਂ ਜ਼ੀਰਾ ''ਤੇ ਕਿਉਂ ?

01/16/2019 8:08:57 PM

ਜਲੰਧਰ— (ਜਸਬੀਰ ਵਾਟਾਂ ਵਾਲੀ) ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਫਿਰੋਜ਼ਪੁਰ 'ਚ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ 'ਤੇ ਕੀ ਘੇਰਿਆ ਗਿਆ ਕਿ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਹੀ ਹੱਥ ਧੋਣੇ ਪਏ। ਬੀਤੇ ਦਿਨੀਂ ਕੁਲਦੀਪ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ 'ਤੇ ਅਲਰਟ ਕਰਦਿਆਂ ਸਟੇਜ ਤੋਂ ਖੜ੍ਹੇ ਹੋ ਕੇ ਪੰਜਾਬ 'ਚ ਫੈਲੇ ਨਸ਼ਿਆਂ ਦੇ ਕਾਲੇ ਕਾਰੋਬਾਰ ਅਤੇ ਮੁੱਖ ਅਫਸਰਾਂ ਦੀ ਮਿਲੀਭੁਗਤ ਸਬੰਧੀ ਖੁਲਾਸੇ ਕੀਤੇ ਸਨ। ਜ਼ੀਰਾ ਦੇ ਬਿਆਨ ਤੋਂ ਇਕ ਦਿਨ ਬਾਅਦ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਸੀ। ਇਸ ਨੋਟਿਸ ਦੇ ਤੀਜੇ ਦਿਨ ਅੱਜ ਕੁਲਦੀਪ ਸਿੰਘ ਜ਼ੀਰਾ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ। 
ਜ਼ੀਰਾ ਦੇ ਮੁਅੱਤਲ ਕੀਤੇ ਜਾਣ ਤੋਂ ਬਾਅਦ ਅੱਜ ਮੀਡੀਆ 'ਚ ਇਹ ਚਰਚਾ ਗਰਮਾ ਗਈ ਕਿ ਜ਼ੀਰਾ ਖਿਲਾਫ ਕਪੈਟਨ ਵੱਲੋਂ ਕੀਤੀ ਗਈ ਅਨੁਸ਼ਾਸਨਹੀਣਤਾ ਦੀ ਕਾਰਵਾਈ ਕਿੰਨੀ ਕੁ ਜਾਇਜ਼ ਹੈ। ਇਸ ਘਟਨਾ ਤੋਂ ਬਾਅਦ ਕੁਲਬੀਰ ਜ਼ੀਰਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਉਸ ਨੂੰ ਸਮਝ ਨਹੀਂ ਆ ਰਹੀ ਉਸ ਖਿਲਾਫ ਹੀ ਅਜਿਹੀ ਕਾਰਵਾਈ ਕਿਉਂ ਕੀਤੀ ਗਈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੁੱਲ੍ਹੇਆਮ ਮੋਰਚਾ ਖੋਲ੍ਹਿਆ ਸੀ। ਉਸ ਮੌਕੇ ਬਾਜਵਾ ਨੇ ਗੰਨਾ ਉਤਪਾਦਕਾਂ ਦੇ ਹੱਕ 'ਚ ਬੋਲਦਿਆਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜੇਕਰ ਸੂਬਾ ਸਰਕਾਰ ਨੇ ਕਿਸਾਨਾਂ ਦੀ ਹਾਲਤ ਵੱਲ ਧਿਆਨ ਨਾ ਦਿੱਤਾ ਤਾਂ ਉਹ ਹਾਈਕੋਰਟ ਦਾ ਵੀ ਦਰਵਾਜਾ ਖੜ੍ਹਕਾਉਣਗੇ। ਬਾਜਵਾ ਤੋਂ ਇਲਾਵਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਕੁਲਬੀਰ ਸਿੰਘ ਜ਼ੀਰਾ, ਕਾਕਾ ਰਣਦੀਪ ਸਿੰਘ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਸਨ। ਇਨ੍ਹਾਂ ਸਾਰਿਆਂ ਨੇ ਵੀ ਜ਼ੀਰਾ ਵਾਂਗ ਹੀ ਦੋਸ਼ ਲਗਾਏ ਸਨ ਕਿ ਅਫਸਰਸ਼ਾਹੀ ਉਨ੍ਹਾਂ ਦੇ ਕੰਮ ਨਹੀਂ ਕਰਦੀ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਉਨ੍ਹਾਂ ਦੀ ਗੱਲ ਨਹੀਂ ਸੁਣਦੇ। 
ਸਿਆਸੀ ਮਾਹਰਾਂ ਦੀ ਮੰਨੀਏ ਤਾਂ ਕੁਲਦੀਪ ਸਿੰਘ ਜ਼ੀਰਾ ਅਤੇ ਹੋਰ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਫਰਕ ਸਿਰਫ ਇਹੀ ਸੀ ਕਿ ਜ਼ੀਰਾ ਨੇ ਕੈਪਟਨ ਅਤੇ ਉਸ ਦੀ ਫੌਜ ਨੂੰ ਨਸ਼ੇ ਦੇ ਮਾਮਲੇ 'ਤੇ ਘੇਰਿਆ ਸੀ। ਪੰਜਾਬ ਦੇ ਮੌਜੂਦਾ ਹਾਲਾਤ 'ਤੇ ਝਾਤੀ ਮਾਰੀਏ ਤਾਂ ਨਸ਼ਾ ਖਤਮ ਕਰਨ ਦੀ ਸਹੁੰ ਖਾ ਚੁੱਕੇ ਕੈਪਟਨ ਅਮਰਿੰਦਰ ਸਿੰਘ ਹੁਣ ਨਸ਼ੇ ਦੇ ਸੰਪੂਰਨ ਖਾਤਮਾ ਕਰਨ ਦੀ ਗੱਲ ਤੋਂ ਭੱਜ ਰਹੇ ਹਨ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਕੈਪਟਨ ਵੱਲੋਂ ਜ਼ੀਰਾ ਨੂੰ ਇਸੇ ਦੇ ਮੱਦੇਨਜ਼ਰ ਹੀ ਕਰੜੀ ਕਾਰਵਾਈ ਦਾ ਸ਼ਿਕਾਰ ਬਣਾਇਆ ਗਿਆ ਹੈ ਜਦਕਿ ਬਾਜਵਾ ਅਤੇ ਹੋਰਾਂ ਖਿਲਾਫ ਉਨ੍ਹਾਂ ਅੱਜ ਤੱਕ ਕਾਰਵਾਈ ਨਹੀਂ ਕੀਤੀ।


Related News