ਛੱਤੀਸਗੜ੍ਹ ’ਚ ‘ਆਪ’ ਕਰੇਗੀ ਚੋਣ ਸ਼ੰਖਨਾਦ, ਪਾਰਟੀ ਨੂੰ ਕਿਉਂ ਨਜ਼ਰ ਆ ਰਿਹਾ ਹੈ ਤੀਜਾ ਬਦਲ!
Friday, Feb 24, 2023 - 02:42 PM (IST)
ਜਲੰਧਰ (ਇੰਟ.) : ਛੱਤੀਸਗੜ੍ਹ ’ਚ 2014 ਦੀਆਂ ਲੋਕ ਸਭਾ ਅਤੇ 2018 ਦੀਆਂ ਵਿਧਾਨ ਸਭਾ ਚੋਣਾਂ ਆਪਣੀ ਜ਼ਮਾਨਤ ਜ਼ਬਤ ਕਰਵਾ ਚੁੱਕੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਇਕ ਵਾਰ ਮੁੜ ਛੱਤੀਸਗੜ੍ਹ ’ਚ 5 ਮਾਰਚ ਨੂੰ ਚੋਣ ਸ਼ੰਖਨਾਦ ਕਰਨ ਜਾ ਰਹੀ ਹੈ। ਇਸ ਵਾਰ ਪਾਰਟੀ ਨੂੰ ਉਮੀਦ ਹੈ ਕਿ ਉਹ ਸੂਬੇ ’ਚ ਲੋਕਾਂ ਦੇ ਤੀਜੇ ਬਦਲ ਵਜੋਂ ਸੱਤਾ ਹਾਸਲ ਕਰ ਹੀ ਲਵੇਗੀ। ਇਸੇ ਲੜੀ ਅਧੀਨ ਪਾਰਟੀ ਦੇ ਦੋਵੇਂ ਮੁੱਖ ਮੰਤਰੀ ਦਿੱਲੀ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਮਾਰਚ ਨੂੰ ਰਾਏਪੁਰ ’ਚ ਵਰਕਰਾਂ ਨੂੰ ਸੰਬੋਧਿਤ ਕਰਨ ਵਾਲੇ ਹਨ। ਚੋਣ ਲੜਨ ਦਾ ਰਸਮੀ ਐਲਾਨ ਵੀ ਉੱਥੇ ਹੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਫੀਸ ਤਰੁੱਟੀਆਂ ਕਰਕੇ ਬੋਰਡ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਨੂੰ ਨਾਂ ਬਿਠਾਏ ਜਾਣ ਦਾ ਹਰਜੋਤ ਸਿੰਘ ਬੈਂਸ ਨੇ ਲਿਆ ਨੋਟਿਸ
2 ਚੋਣਾਂ ’ਚ ਹੋਈ ਹੈ ਜ਼ਬਰਦਸਤ ਹਾਰ
ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ‘ਆਪ’ ਨੇ ਛੱਤੀਸਗੜ੍ਹ ’ਚ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਅਤੇ ਸਾਰੀਆਂ 11 ਸੀਟਾਂ ’ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਤੋਂ ਬਾਅਦ 2018 ’ਚ ਉਸ ਨੇ 90 ’ਚੋਂ 84 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਸਾਰੀਆਂ ਸੀਟਾਂ ’ਤੇ ਜ਼ਬਰਦਸਤ ਹਾਰ ਹੋਈ ਸੀ। ਪਾਰਟੀ ਹੁਣ ਤੀਜੀ ਵਾਰ ਸੂਬੇ ’ਚ ਆਪਣਾ ਭਵਿੱਖ ਅਜ਼ਮਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਲੋਕਤੰਤਰ ਦੀ ਜਿੱਤ ਹੋਈ, ਕੇਜਰੀਵਾਲ ਨੇ ਲੋਕਾਂ ਦੇ ਹੱਕਾਂ ਲਈ ਲੜੀ ਲੜਾਈ : ਭਗਵੰਤ ਮਾਨ
ਤੀਜੇ ਬਦਲ ’ਤੇ ‘ਆਪ’ ਦੀ ਦਲੀਲ
ਆਮ ਆਦਮੀ ਪਾਰਟੀ ਦੇ ਪ੍ਰਧਾਨ ਕੋਮਲ ਹੁਪੈਂਡੀ ਦਾ ਦਾਅਵਾ ਹੈ ਕਿ ‘ਆਪ’ ਆਪਣੀ ਛਾਪ ਛੱਡਣ ’ਚ ਸਮਰੱਥ ਹੋਵੇਗੀ ਅਤੇ ਵਿਧਾਨ ਸਭਾ ਚੋਣਾਂ ’ਚ ਚਮਤਕਾਰੀ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਰੋਸਾ ਦੋ ਕਾਰਕਾਂ ’ਤੇ ਸੰਗਠਨਾਤਮਕ ਸੁਧਾਰ ਅਤੇ ਬਦਲੇ ਹੋਏ ਹਾਲਾਤਾਂ ’ਤੇ ਨਿਰਭਰ ਕਰਦਾ ਹੈ ਅਤੇ ਇਹ ਸੂਬੇ ਦੀ-ਦੋਧਰੁਵੀ ਰਾਜਨੀਤੀ ਨੂੰ ਚੁਣੌਤੀ ਦੇਵੇਗਾ। ਕੋਮਲ ਹੁਪੈਂਡੀ ਦੀ ਦਲੀਲ ਹੈ ਕਿ ਪਿਛਲੀ ਵਾਰ ਜਦੋਂ ਭਾਜਪਾ 15 ਸਾਲ ਤੱਕ ਸੱਤਾ ’ਚ ਸੀ ਤਾਂ ਲੋਕ ਕਾਂਗਰਸ ਨੂੰ ਵੋਟ ਪਾਉਣ ਲਈ ਜ਼ਿਆਦਾ ਉਤਾਵਲੇ ਸਨ। ਇਹੀ ਕਾਰਨ ਸੀ ਕਿ ਤੀਜੇ ਖਿਡਾਰੀ ਲਈ ਜਗ੍ਹਾ ਸੀਮਤ ਸੀ ਅਤੇ ਪਾਰਟੀ ਸਿਰਫ ਆਪਣੀ ਮੌਜੂਦਗੀ ਦਰਜ ਕਰਵਾ ਸਕਦੀ ਸੀ।
ਤੀਜਾ ਖਿਡਾਰੀ ਰਿਹਾ ਹੈ ਗੇਮ ਚੇਂਜਰ
ਸਿਆਸੀ ਜਾਣਕਾਰ ਵੀ ਮੰਨਦੇ ਹਨ ਕਿ ਸੂਬੇ ’ਚ ਸਿਆਸੀ ਸਥਿਰਤਾ ਅਤੇ ਦੋ-ਧਰੁਵੀ ਸੁਭਾਅ ਦੇ ਬਾਵਜੂਦ ਕਿਸੇ ਤੀਜੇ ਖਿਡਾਰੀ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਪਿਛਲੇ ਸਮੇਂ ’ਚ ਤੀਜਾ ਖਿਡਾਰੀ ਗੇਮ ਚੇਂਜਰ ਰਹਿ ਚੁੱਕਾ ਹੈ। 2018 ’ਚ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) (ਜੇ. ਸੀ. ਸੀ.-ਜੇ) ਨੂੰ ਲਗਭਗ 7 ਫੀਸਦੀ ਵੋਟ ਮਿਲੇ ਸਨ ਅਤੇ ਕਾਂਗਰਸ ਦਾ ਵੋਟ ਸ਼ੇਅਰ 46 ਫੀਸਦੀ ਅਤੇ ਭਾਜਪਾ ਦਾ 32 ਫੀਸਦੀ ਰਿਹਾ ਸੀ। ਜੇ. ਸੀ. ਸੀ.-ਜੇ ਦੀ ਸਥਾਪਨਾ ਮਰਹੂਮ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੇ ਕੀਤੀ ਸੀ। ਉਨ੍ਹਾਂ ਨੇ ਪਿਛਲੀ ਵਾਰ 5 ਸੀਟਾਂ ਜਿੱਤੀਆਂ ਸਨ ਪਰ ਹਾਲ ਦੇ ਦਿਨਾਂ ’ਚ ਇਸ ਦੇ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ। ਇਸ ਦੇ ਅੰਦਰੂਨੀ ਕਲੇਸ਼ ਨੇ ਨਵੇਂ ਖਿਡਾਰੀ ਨੂੰ ਉਭਰਨ ਲਈ ਅਨੁਕੂਲ ਅਧਾਰ ਦਿੱਤਾ ਹੈ।
ਇਹ ਵੀ ਪੜ੍ਹੋ : ਛੁੱਟੀ ’ਤੇ ਆਏ ਫ਼ੌਜੀ ਨੇ ਸੜਕ ਹਾਦਸੇ ’ਚ ਤੋੜਿਆ ਦਮ, ਫ਼ੌਜੀ ਸਨਮਾਨਾਂ ਨਾਲ ਹੋਇਆ ਸਸਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ