ਕੇਜਰੀਵਾਲ ਵਲੋਂ ਕੋਰੋਨਾ ਆਫਤ ਨਾਲ ਨਜਿੱਠਣ ਖਿਲਾਫ਼ ਇਕ ਸ਼ਬਦ ਵੀ ਕਿਉਂ ਨਹੀਂ ਬੋਲਿਆ : ਸ਼੍ਰੋਮਣੀ ਅਕਾਲੀ ਦਲ
Monday, Jun 15, 2020 - 02:53 PM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੋਰੋਨਾ ਆਫਤ ਨਾਲ ਗਲਤ ਤਰੀਕੇ ਨਜਿੱਠਣ ਖਿਲਾਫ਼ ਇਕ ਸ਼ਬਦ ਵੀ ਕਿਉਂ ਨਹੀਂ ਬੋਲਿਆ ਅਤੇ ਪਾਰਟੀ ਨੇ ਉਨ੍ਹਾਂ 'ਤੇ ਦਿੱਲੀ ਸਰਕਾਰ ਵਲੋਂ ਅੰਕੜਿਆਂ ਦਾ ਹੇਰ-ਫੇਰ ਕਰਨ ਅਤੇ ਅਸਫਲਤਾਵਾਂ 'ਤੇ ਪਰਦਾ ਪਾਉਣ ਦੀ ਸਾਜ਼ਿਸ਼ 'ਚ ਭਾਈਵਾਲ ਹੋਣ ਦਾ ਦੋਸ਼ ਲਾਇਆ। ਅਕਾਲੀ ਦਲ ਨੇ ਭਗਵੰਤ ਮਾਨ ਨੂੰ ਆਵਾਜ਼ ਬੁਲੰਦ ਕਰ ਕੇ ਦਿੱਲੀ ਸਰਕਾਰ ਨੂੰ ਦਰੁਸਤੀ ਭਰੇ ਕਦਮ ਚੁੱਕਣ ਲਈ ਮਜ਼ਬੂਰ ਕਰਨ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਆਖਿਆ। ਇੱਥੇ ਜਾਰੀ ਕੀਤੇ ਇਕ ਬਿਆਨ 'ਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਮਈ ਮਹੀਨੇ ਦੇ ਸ਼ੁਰੂ 'ਚ ਹੀ ਕੋਰੋਨਾ ਪੀੜਤਾਂ ਤੇ ਇਸ ਨਾਲ ਮੌਤਾਂ ਬਾਰੇ ਅੰਕੜਿਆਂ ਬਾਰੇ ਹੇਰ-ਫੇਰ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਰੋਨਾ ਨਾਲ ਹੋਈਆਂ ਮੌਤਾਂ ਬਾਰੇ ਸ਼ਮਸ਼ਾਨਘਾਟ ਅਤੇ ਦਿੱਲੀ ਸਰਕਾਰ ਦੇ ਸਰਕਾਰੀ ਅੰਕੜੇ ਮੇਲ ਨਹੀਂ ਖਾ ਰਹੇ।
ਇਹ ਵੀ ਪੜ੍ਹੋ : ਪੰਜਾਬ 'ਚ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ 'ਆਪ'
ਇਹ ਉਹ ਸਮਾਂ ਸੀ ਜਦੋਂ ਭਗਵੰਤ ਮਾਨ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਵਾਂਗ ਵਰਤਾਓ ਕਰ ਰਹੇ ਸਨ ਅਤੇ ਦਿੱਲੀ ਮਾਡਲ ਦੀ ਗੱਲ ਕਰ ਕੇ, ਇਸ ਮਾਡਲ ਵਲੋਂ ਕੋਰੋਨਾ ਦੇ ਦਿੱਲੀ 'ਚ ਪਸਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ 'ਚ ਸਫਲ ਰਹਿਣ ਦੀਆਂ ਗੱਲਾਂ ਕਰ ਕੇ ਕੇਜਰੀਵਾਲ ਦੀ ਅਸਿੱਧੇ ਤਰੀਕੇ ਮਦਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿਹਤ ਸੰਭਾਲ ਮਾਡਲ ਦੀ ਮੀਡੀਆ ਤੇ ਆਮ ਲੋਕਾਂ ਵਲੋਂ ਅਸਲੀਅਤ ਬੇਨਕਾਬ ਕਰਨ ਦੇ ਬਾਵਜੂਦ ਮਾਨ ਹਾਲੇ ਵੀ ਕੇਜਰੀਵਾਲ ਦੀਆਂ ਅਸਫਲਤਾਵਾਂ 'ਤੇ ਪਰਦਾ ਪਾਉਣ ਲਈ ਬਲੀ ਦੇ ਬੱਕਰੇ ਲੱਭ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਹਸਪਤਾਲਾਂ 'ਚ ਬੁਨਿਆਦੀ ਢਾਂਚੇ 'ਚ ਸੁਧਾਰ ਨਹੀਂ ਕੀਤਾ ਅਤੇ ਨਾ ਹੀ ਕੋਰੋਨਾ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ। ਹੁਣ ਇਹ ਪ੍ਰਾਈਵੇਟ ਹਸਪਤਾਲਾਂ 'ਚ ਬਲੀ ਦੇ ਬੱਕਰੇ ਲੱਭ ਰਹੀ ਹੈ, ਜਦਕਿ ਪ੍ਰਾਈਵੇਟ ਹਸਪਤਾਲਾਂ ਵਲੋਂ ਮਰੀਜ਼ਾਂ ਨੂੰ ਵਾਪਸ ਭੇਜਣ ਜਾਂ ਉਨ੍ਹਾਂ ਤੋਂ ਵੱਧ ਫੀਸਾਂ ਵਸੂਲਣ ਲਈ ਦਿੱਲੀ ਸਰਕਾਰ ਹੀ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ : ਰੂਪਨਗਰ: ਸੈਰ ਕਰ ਰਹੇ ਅਕਾਲੀ ਆਗੂ 'ਤੇ ਕਿਰਚ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ