ਪਿਤਾ ਨੂੰ ਤੋਹਫੇ ''ਚ ਮਿਲੀ ਜ਼ਮੀਨ ਲਈ 55 ਸਾਲਾਂ ਤੋਂ ਸੰਘਰਸ਼ ਕਰ ਰਹੀ ਕਮਲੇਸ਼

Sunday, Jun 11, 2017 - 03:45 AM (IST)

ਪਿਤਾ ਨੂੰ ਤੋਹਫੇ ''ਚ ਮਿਲੀ ਜ਼ਮੀਨ ਲਈ 55 ਸਾਲਾਂ ਤੋਂ ਸੰਘਰਸ਼ ਕਰ ਰਹੀ ਕਮਲੇਸ਼

ਗੁਰਦਾਸਪੁਰ,  (ਵਿਨੋਦ)— ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਬਿਰਧ ਆਸ਼ਰਮ 'ਚ ਰਹਿ ਰਹੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਜ਼ਦੀਕੀ ਸਾਥੀ ਗਿਆਨ ਚੰਦ ਗਾਂਧੀ ਦੀ ਲੜਕੀ ਕਮਲੇਸ਼ ਗਾਂਧੀ ਆਪਣੇ ਪਤੀ ਸਤਪਾਲ ਦੇ ਨਾਲ ਬੀਤੇ 55 ਸਾਲਾਂ ਤੋਂ ਉਨ੍ਹਾਂ ਦੇ ਪਿਤਾ ਨੂੰ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਉਣ ਦੇ ਲਈ ਤੋਹਫੇ ਵਿਚ ਮਿਲੀ 100 ਕਨਾਲ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦਫ਼ਤਰ ਤੋਂ ਭਰੋਸੇ ਮਿਲਣ ਦੇ ਬਾਵਜੂਦ  ਜ਼ਮੀਨ ਦਾ ਕਬਜ਼ਾ ਨਹੀਂ ਲੈ ਪਾਈ ਹੈ। ਅੱਜ ਵੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲੇ ਪੱਤਰ ਅਨੁਸਾਰ ਕਮਲੇਸ਼ ਆਪਣੇ ਪਤੀ ਦੇ ਨਾਲ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ ਦੇ ਲਈ ਉਨ੍ਹਾਂ ਦੇ ਦਫ਼ਤਰ ਦੀਆਂ ਪੌੜੀਆਂ 'ਤੇ ਬੈਠੀ ਵੇਖੀ ਗਈ। ਜੀਵਨ ਦੇ ਅੰਤਿਮ ਪੜਾਅ ਵਿਚ ਪੈਰ ਰੱਖੇ ਇਸ ਦੰਪਤੀ ਨੂੰ ਜ਼ਮੀਨ ਮਿਲਣ ਦੀ ਆਸ ਤਾਂ ਨਹੀਂ ਹੈ ਪਰ ਇਹ ਦੰਪਤੀ ਆਪਣੀ ਅੰਤਿਮ ਸਾਹ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ।
ਕੀ ਕਹਿੰਦੀ ਹੈ ਕਮਲੇਸ਼ ਰਾਣੀ ਆਪਣੀ ਇਸ ਬਦਕਿਸਮਤੀ 'ਤੇ
ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਇਸ ਸਮੇਂ ਬਟਾਲਾ ਦੇ ਬਿਰਧ ਆਸ਼ਰਮ ਵਿਚ ਆਪਣੇ ਪਤੀ ਸਤਪਾਲ ਦੇ ਨਾਲ ਰਹਿ ਰਹੀ ਹੈ। ਉਸ ਦੇ ਪਿਤਾ ਗਿਆਨ ਚੰਦ ਗਾਂਧੀ ਸੱਚੇ ਦੇਸ਼ ਭਗਤ ਸੀ ਅਤੇ ਮਹਾਤਮਾ ਗਾਂਧੀ ਦੇ ਨਜ਼ਦੀਕੀ ਸਾਥੀ ਸੀ। ਸਾਲ 1947 ਵਿਚ ਦੇਸ਼ ਦੀ ਵੰਡ ਦੇ ਬਾਅਦ ਉਨ੍ਹਾਂ ਦੀ ਦੇਸ਼ ਭਗਤੀ ਦੇ ਕਾਰਨ ਤੋਹਫ਼ੇ ਵਿਚ ਸਰਕਾਰ ਨੇ ਜ਼ਿਲਾ ਹਿਸਾਰ ਦੇ ਪਿੰਡ ਬੀੜ ਵਿਚ ਉਨ੍ਹਾਂ ਨੂੰ 100 ਕਨਾਲ ਜ਼ਮੀਨ ਅਲਾਟ ਕੀਤੀ ਗਈ ਪਰ ਸਾਲ 1962 ਵਿਚ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਦੇ ਬਾਅਦ ਇਸ ਜ਼ਮੀਨ ਦੀ ਰਜਿਸਟਰੀ ਮੇਰੇ ਨਾਂ ਕਰ ਦਿੱਤੀ ਗਈ ਅਤੇ ਇਸ ਕੰਮ ਦੇ ਲਈ ਮੈਂ 17412 ਰੁਪਏ 60 ਪੈਸੇ ਰਾਜਸਵ ਵੀ ਜਮ੍ਹਾ ਕਰਵਾਇਆ।
ਜ਼ਿਲਾ ਪ੍ਰਸ਼ਾਸਨ ਹਿਸਾਰ ਨਹੀਂ ਕਰ ਰਿਹਾ ਸਹਿਯੋਗ 
ਕਮਲੇਸ਼ ਰਾਣੀ ਨੇ ਦੱਸਿਆ ਕਿ ਹਿਸਾਰ ਪ੍ਰਸ਼ਾਸਨ ਨੂੰ ਉਹ ਮਿਲੀ ਸੀ ਅਤੇ ਦੱਸਿਆ ਕਿ ਉਸ ਦੀ ਜ਼ਮੀਨ 'ਤੇ ਕਿਸੇ ਸੁਰਾਵਨ ਸਿੰਘ ਦਾ ਨਾਜਾਇਜ਼ ਕਬਜ਼ਾ ਹੈ, ਜਿਸ 'ਤੇ ਪ੍ਰਸ਼ਾਸਨ ਨੇ ਮੈਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਬਜਾਏ ਮੇਰਾ ਸੁਰਾਵਨ ਸਿੰਘ ਦਾ ਇਕਰਾਰਨਾਮਾ ਕਰਵਾ ਕੇ ਉਸ ਨੂੰ ਠੇਕੇ 'ਤੇ ਜ਼ਮੀਨ ਦੇ ਦਿੱਤੀ, ਜਿਸ ਦਾ ਮੈਨੂੰ ਇਕ ਪੈਸਾ ਅੱਜ ਤੱਕ ਨਹੀਂ ਮਿਲਿਆ। 
ਕਿੱਥੇ-ਕਿੱਥੇ ਗਈ ਕਮਲੇਸ਼ ਰਾਣੀ 
ਕਮਲੇਸ਼ ਰਾਣੀ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਹਰ ਪੱਧਰ 'ਤੇ ਪ੍ਰਾਰਥਨਾ ਪੱਤਰ ਦੇ ਕੇ ਉਨ੍ਹਾਂ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਦੀ ਮੰਗ ਕੀਤੀ। ਹਰ ਪੱਧਰ ਤੋਂ ਪੱਤਰ ਦਾ ਜਵਾਬ ਵੀ ਮਿਲਿਆ ਪਰ ਅੱਜ ਤੱਕ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ ਅਤੇ ਜ਼ਿਲਾ ਪ੍ਰਸ਼ਾਸਨ ਹਿਸਾਰ ਵੱਲੋਂ ਕਰਵਾਏ ਇਕਰਾਰਨਾਮੇ ਦੀ ਰਾਸ਼ੀ ਵੀ ਨਹੀਂ ਮਿਲੀ, ਜਿਸ ਕਾਰਨ ਉਹ ਇਸ ਸਮੇ ਮਜਬੂਰੀ ਵੱਸ ਆਪਣੇ ਪਤੀ ਦੇ ਨਾਲ ਬਟਾਲਾ ਦੇ ਬਿਰਧ ਆਸ਼ਰਮ ਵਿਚ ਜੀਵਨ ਬਤੀਤ ਕਰ ਰਹੀ ਹੈ। ਉਸ ਨੇ ਕਿਹਾ ਕਿ ਮੇਰੀ ਲੜਕੀ ਨੀਤੂ ਗਾਂਧੀ ਲੁਧਿਆਣਾ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਕੇ ਬਹੁਤ ਮੁਸ਼ਕਲ ਨਾਲ ਪਰਿਵਾਰ ਚਲਾ ਰਹੀ ਹੈ ਜਦਕਿ ਲੜਕਾ ਅੰਮ੍ਰਿਤਸਰ ਦੇ ਵਿਚ ਸਬਜ਼ੀ ਦੀ ਰੇਹੜੀ ਲਾ ਕੇ ਜੀਵਨ ਬਤੀਤ ਕਰ ਰਿਹਾ ਹੈ। 
ਕੀ ਮੰਗ ਹੈ ਕਮਲੇਸ਼ ਰਾਣੀ ਦੀ
ਕਮਲੇਸ਼ ਰਾਣੀ ਦੀ ਮੁੱਖ ਮੰਗ ਹੈ ਕਿ ਉਸ ਦੇ ਪਿਤਾ ਨੂੰ ਮਿਲੀ ਜ਼ਮੀਨ ਦਾ ਕਬਜ਼ਾ ਉਸ ਨੂੰ ਦਿਵਾਇਆ ਜਾਵੇ ਅਤੇ ਇਸ ਜ਼ਮੀਨ ਦੇ ਕਬਜ਼ਾ ਦੇਣ ਵਿਚ ਆਨਾਕਾਨੀ ਕਰਨ ਵਾਲੇ ਤੇ ਹੇਰਾ-ਫੇਰੀ ਵਿਚ ਸ਼ਾਮਲ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਵੀ ਮੈਨੂੰ ਪ੍ਰਧਾਨ ਮੰਤਰੀ ਤੋਂ ਪੱਤਰ ਮਿਲਿਆ ਹੈ, ਜਿਸ ਵਿਚ ਮੈਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਣ ਲਈ ਕਿਹਾ ਗਿਆ ਸੀ, ਜਿਸ ਕਾਰਨ ਉਹ ਗੁਰਦਾਸਪੁਰ ਆਈ ਹੈ।


Related News