ਵ੍ਹਿਜ ਪਾਵਰ ਕੰਪਨੀ ਦੇ ਦੋਸ਼ੀ ਮਾਲਕ ਦੇ ਰਿਸ਼ਤੇਦਾਰ ਚੋਰੀ ਛੁਪੇ ਕੋਠੀ ’ਚੋਂ ਲੈ ਗਏ 2 ਬੈਗ ਅਤੇ ਐਕਟਿਵਾ

07/28/2020 12:22:21 PM

ਜਲੰਧਰ (ਵਰੁਣ) - ਪੀ. ਪੀ. ਆਰ. ਮਾਲ ਸਥਿਤ ਓ. ਅੈੱਲ. ਐੱਸ. ਵ੍ਹਿਜ਼ ਪਾਵਰ (Whizz Power) ਕੰਪਨੀ ਦੇ ਮਾਲਕ ਰਣਜੀਤ ਸਿੰਘ ਦੇ 2 ਰਿਸ਼ਤੇਦਾਰ ਬਿਨਾਂ ਪੁਲਸ ਨੂੰ ਦੱਸੇ ਦੁਪਹਿਰ ਸਮੇਂ ਉਸ ਦੀ ਸ਼ਿਵ ਵਿਹਾਰ ਵਾਲੀ ਕੋਠੀ ਵਿਚ ਵੜੇ ਅਤੇ ਉੱਥੋਂ 2 ਬੈਗ ਅਤੇ ਐਕਟਿਵਾ ਲੈ ਗਏ। ਪੀੜਤ ਲੋਕਾਂ ਨੇ ਮੀਡੀਆ ਨੂੰ ਸੀ. ਸੀ. ਟੀ. ਵੀ. ਫੁਟੇਜ ਮੁਹੱਈਆ ਕਰਵਾਈ ਹੈ, ਜਿਸ ਵਿਚ ਰਣਜੀਤ ਸਿੰਘ ਦੇ ਦੋ ਰਿਸ਼ਤੇਦਾਰ ਚਾਬੀ ਨਾਲ ਪਹਿਲਾਂ ਮੇਨ ਗੇਟ ਖੋਲ੍ਹਦੇ ਤੇ ਅੰਦਰੋਂ 2 ਬੈਗ ਅਤੇ ਐਕਟਿਵਾ ਲਿਜਾਂਦੇ ਦਿਖਾਈ ਦਿੰਦੇ ਹਨ।

ਇਹ ਵੀ ਦੇਖੋ : ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰ ਕੇ ਕਰ ਰਹੇ ਨੇ ਵਿਸ਼ਵਾਸਘਾਤ

ਪੀੜਤਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਬੈਗਾਂ ਵਿਚ ਕੈਸ਼ ਵੀ ਹੋ ਸਕਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਰਣਜੀਤ ਸਿੰਘ ਨੂੰ ਨਾਮਜ਼ਦ ਕਰਨ ਤੋਂ ਬਾਅਦ ਪੁਲਸ ਨੇ ਇਕ ਵਾਰ ਵੀ ਰਣਜੀਤ ਸਿੰਘ ਦੇ ਘਰ ਦੀ ਤਲਾਸ਼ੀ ਨਹੀਂ ਲਈ ਅਤੇ ਆਤਮ-ਸਮਰਪਣ ਕਰਨ ਤੋਂ ਬਾਅਦ ਵੀ ਉਸ ਕੋਲੋਂ ਘਰ ਦੀਆਂ ਚਾਬੀਆਂ ਨਹੀਂ ਲਈਆਂ। ਕੰਪਨੀ ਵਿਚ ਨਿਵੇਸ਼ ਕਰਨ ਵਾਲੇ ਪੀੜਤਾਂ ਦਾ ਕਹਿਣਾ ਹੈ ਕਿ ਇਹ ਪੁਲਸ ਦੀ ਲਾਪ੍ਰਵਾਹੀ ਹੈ। ਦੂਜੇ ਪਾਸੇ ਸੋਮਵਾਰ ਨੂੰ ਰਣਜੀਤ ਸਿੰਘ ਦੇ ਸਾਲੇ ਗਗਨਦੀਪ ਸਿੰਘ ਦੀ ਕੈਰੋਨਾ ਰਿਪੋਰਟ ਨੈਗੇਟਿਵ ਆਈ ਹੈ, ਹਾਲਾਂਕਿ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਰਣਜੀਤ ਸਿੰਘ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਨੇ ਕਿਹਾ ਕਿ ਗਗਨਦੀਪ ਕੋਲੋਂ ਸੋਮਵਾਰ ਨੂੰ ਪੁੱਛਗਿੱਛ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਗਗਨਦੀਪ ਦੀ ਰਿਪੋਰਟ ਨੈਗੇਟਿਵ ਆਉਣ ਦੀ ਪੁਸ਼ਟੀ ਵੀ ਕੀਤੀ। ਏ. ਸੀ ਪੀ. ਨੇ ਕਿਹਾ ਕਿ ਜਲਦ ਇਸ ਮਾਮਲੇ ਦੀ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੀ ਕੋਠੀ ਦੀਆਂ ਚਾਬੀਆਂ ਨਹੀਂ ਲਈਆਂ ਗਈਆਂ ਸਨ ਪਰ ਉਹ ਕੋਠੀ ਵੇਚ ਨਾ ਦੇਵੇ, ਇਸ ਲਈ ਉਸ ਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਵਿਕਰੀ ’ਤੇ ਰੋਕ ਲਾ ਦਿੱਤੀ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ ਓ. ਐੱਲ.ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਕਰੋੜਾਂ ਰੁਪਏ ਦੀ ਨਿਵੇਸ਼ਕਾਂ ਨਾਲ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਉਕਤ ਕੰਪਨੀ ਵਿਚ ਇਕ ਲੱਖ ਦੇ ਕਰੀਬ ਲੋਕਾਂ ਨੇ ਆਪਣਾ ਪੈਸਾ ਨਿਵੇਸ਼ ਕੀਤਾ ਹੋਇਆ ਹੈ। ਕੰਪਨੀ ਦੇ ਮਾਲਕ ਗੋਲਡ ਕਿੱਟੀ ਦੇ ਨਾਂ ’ਤੇ ਲੋਕਾਂ ਨੂੰ ਲਾਲਚ ਦੇ ਕੇ ਕੰਪਨੀ ਵਿਚ ਪੈਸੇ ਲਵਾਉਂਦੇ ਸਨ। ਕੰਪਨੀ ਦੀਆਂ ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ ਿਵਚ ਵੀ ਬ੍ਰਾਂਚਾਂ ਹਨ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਿਸੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਅਤੇ ਸ਼ੀਲਾ ਦੇਵੀ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। 22 ਜੁਲਾਈ ਨੂੰ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਆਤਮ-ਸਮਰਪਣ ਕਰ ਦਿੱਤਾ ਸੀ, ਜਦਕਿ ਗੁਰਮਿੰਦਰ ਸਿੰਘ ਅਤੇ ਸ਼ੀਲਾ ਦੇਵੀ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਜਾਰੀ ਹੈ।

ਇਹ ਵੀ ਦੇਖੋ : ਕਾਰ ਸਵਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪੁੱਤਰ ਦੀਆਂ ਅੱਖਾਂ ਸਾਹਮਣੇ ਪਿਓ ਦੀ ਹੋਈ ਮੌਤ

ਬੈਂਕ ਖਾਤੇ ’ਚ ਪੂਰੇ ਸਾਲ ’ਚ ਜਮ੍ਹਾ ਹੋਏ ਸਵਾ ਕਰੋੜ

‘ਜਗ ਬਾਣੀ’ ਕੋਲ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੀ ਇਕ ਬੈਂਕ ਸਟੇਟਮੈਂਟ ਆਈ ਹੈ। ਕੰਪਨੀ ਦੇ ਇਸ ਬੈਂਕ ਖਾਤੇ ਵਿਚ 1,23,61,898 ਰੁਪਏ ਜਮ੍ਹਾ ਹੋਏ ਸਨ। ਜਿਉਂ-ਜਿਉਂ ਹੀ ਖਾਤੇ ਵਿਚ ਪੈਸੇ ਆਉਂਦੇ ਰਹੇ, ਤਿਉਂ-ਤਿਉਂ ਕਢਵਾਏ ਜਾਂਦੇ ਰਹੇ। ਜਨਵਰੀ 2020 ਵਿਚ ਇਸ ਕੰਪਨੀ ਨੇ ਠੱਗੀ ਮਾਰਨ ਦੀ ਯੋਜਨਾ ਬਣਾਈ ਸੀ। ਇਸੇ ਲਈ ਉਕਤ ਬੈਂਕ ਖਾਤੇ ਵਿਚ 2,55,331 ਰੁਪਏ ਬਚੇ ਸਨ, ਜੋ ਕਿ 21 ਜਨਵਰੀ 2020 ਨੂੰ ਆਰ. ਟੀ. ਜੀ. ਐੱਸ. ਜ਼ਰੀਏ ਕਢਵਾ ਲਏ ਗਏ ਅਤੇ ਖਾਤੇ ਵਿਚ ਸਿਰਫ 11 ਰੁਪਏ ਰਹਿ ਗਏ।

ਸਾਰੇ ਬੈਂਕ ਖਾਤਿਆਂ ਵਿਚੋਂ ਮਿਲੇ ਕੁਲ ਸਾਢੇ ਤਿੰਨ ਲੱਖ

ਪੁਲਸ ਕੋਲ ਕੰਪਨੀ ਅਤੇ ਕੰਪਨੀ ਦੇ ਮਾਲਕਾਂ ਦੇ ਜ਼ਿਆਦਾਤਰ ਬੈਂਕ ਖਾਤਿਆਂ ਦੀ ਸਟੇਟਮੈਂਟ ਆ ਗਈ ਹੈ। ਕੁਲ ਮਿਲਾ ਕੇ ਸਾਰੇ ਬੈਂਕ ਖਾਤਿਆਂ ਵਿਚੋਂ ਸਾਢੇ 3 ਲੱਖ ਰੁਪਏ ਹੀ ਪਏ ਹਨ। ਏ. ਸੀ. ਪੀ. ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਲੋਕਾਂ ਕੋਲੋਂ ਸਾਢੇ 3 ਲੱਖ ਰੁਪਏ ਮਿਲ ਸਕੇ ਹਨ। ਉਨ੍ਹਾਂ ਕਿਹਾ ਕਿ ਪੁਲਸ ਸਾਰੇ ਕੋਣਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਵਿਚ ਜਲਦ ਨਵਾਂ ਮੋੜ ਆਵੇਗਾ।

ਇਹ ਵੀ ਦੇਖੋ : ਸਿਮਰਨਜੀਤ ਕੌਰ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਨੂੰ ਦਿੱਤਾ ਮਾਣ


Harinder Kaur

Content Editor

Related News