ਵੱਡਾ ਸਵਾਲ : ਕਾਂਗਰਸ ਕੋਲ ਕਿਥੋਂ ਆਏਗਾ ਚੋਣ ਲੜਨ ਲਈ ਫੰਡ?
Thursday, Sep 30, 2021 - 06:04 PM (IST)
ਜਲੰਧਰ (ਵਿਸ਼ੇਸ਼) : ਪਿਛਲੇ ਲਗਭਗ ਇਕ ਮਹੀਨੇ ਤੋਂ ਪੰਜਾਬ ਕਾਂਗਰਸ ਦੀ ਹਾਲਤ ਬੇਹੱਦ ਮਾੜੀ ਹੋ ਗਈ ਹੈ। ਪਾਰਟੀ ਨੇ ਪੰਜਾਬ ਵਿਚ ਵੱਡਾ ਤਖਤਾਪਲਟ ਤਾਂ ਕੀਤਾ ਪਰ ਇਸ ਤਖਤਾ ਪਲਟ ਦਾ ਹੋਣ ਵਾਲਾ ਲਾਭ ਪਾਰਟੀ ਨੂੰ ਨਹੀਂ ਮਿਲਿਆ ਅਤੇ ਪਾਰਟੀ ਸੂਬੇ ਵਿਚ ਲਗਾਤਾਰ ਆਪਣਾ ਆਧਾਰ ਖਰਾਬ ਕਰਦੀ ਜਾ ਰਹੀ ਹੈ। 2017 ਪਿੱਛੋਂ ਕਾਂਗਰਸ ਪਾਰਟੀ ਕੋਲ ਪੰਜਾਬ ਇਕ ਅਜਿਹਾ ਸੂਬਾ ਸੀ, ਜਿਥੋਂ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿਚ ਖਰਚ ਕਰਨ ਲਈ ਪੈਸਾ ਆਉਣ ਦੀ ਸਭ ਤੋਂ ਵੱਧ ਉਮੀਦ ਸੀ। ਲਗਭਗ ਸਾਢੇ 4 ਸਾਲ ਤਾਂ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਖਿੱਚੋਤਾਣ ਨਾਲ ਚੱਲਦੀ ਰਹੀ ਅਤੇ ਉਸਨੂੰ ਉਮੀਦ ਸੀ ਕਿ 2022 ਵਿਚ ਪੰਜਾਬ ਵਿਚ ਮੁੜ ਸਰਕਾਰ ਬਣਾ ਲਏਗੀ। ਹੋਰ ਸਿਆਸੀ ਪਾਰਟੀਆਂ ਦੇ ਸਰਵੇਖਣ ਵੀ ਇਹੀ ਗੱਲ ਕਹਿ ਰਹੇ ਸਨ। ਇਸ ਸਭ ਦਰਮਿਆਨ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਦੇ ਸਾਹਮਣੇ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਆਖਿਰ ਪਾਰਟੀ ਕੋਲ ਫੰਡ ਕਿਥੋਂ ਆਏਗਾ? 2022 ਦੀਆਂ ਅਸੈਂਬਲੀ ਚੋਣਾਂ ਸਿਰ ’ਤੇ ਹਨ। ਕਾਂਗਰਸ ਦੀ ਹਾਲਤ ਇਹ ਹੈ ਕਿ ਪਾਰਟੀ ਦੇ ਵਰਕਰ ਨੂੰ ਨਾ ਤਾਂ ਪ੍ਰਧਾਨ ਦੀ ਜਾਣਕਾਰੀ ਹੈ ਅਤੇ ਨਾ ਹੀ ਵਿਧਾਇਕਾਂ ਸਬੰਧੀ ਸਪੱਸ਼ਟ ਸਥਿਤੀ ਹੈ ਕਿ ਕਿਸ ਨੂੰ ਟਿਕਟ ਮਿਲੇਗੀ। ਕਾਂਗਰਸ ਵਿਚ ਪੈਦਾ ਹੋਈ ਇਹ ਅਸਥਿਰਤਾ ਪਾਰਟੀ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਰਹੀ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤੱਕ ਸਿਆਸੀ ਪਾਰਟੀਆਂ ਦੀ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪਰ ਪੰਜਾਬ ਦੇ ਮਾਮਲੇ ਵਿਚ ਇੰਝ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਲਈ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ
ਵਰਕਰ ਦੀ ਹਾਲਤ ਬੇਹੱਦ ਖਰਾਬ
ਪੰਜਾਬ ਨੂੰ ਲੈ ਕੇ ਹਾਲਾਤ ਲਗਾਤਾਰ ਕਾਂਗਰਸ ਦੇ ਹੱਥ ਵਿਚੋਂ ਬਾਹਰ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵਿਚ ਨਾਰਾਜ਼ ਵਿਧਾਇਕਾਂ ਨੂੰ ਨਵਜੋਤ ਿਸੰਘ ਿਸੱਧੂ ਵਜੋਂ ਇਕ ਉਮੀਦ ਦੀ ਕਿਰਨ ਨਜ਼ਰ ਆਈ ਸੀ ਪਰ ਜਿਸ ਤਰ੍ਹਾਂ ਸਿੱਧੂ ਨੇ ਅਸਤੀਫਾ ਦਿੱਤਾ ਹੈ, ਉਮੀਦ ਦੀ ਕਿਰਨ ਤਾਂ ਬੁੱਝ ਹੀ ਗਈ ਹੈ, ਨਾਲ ਹੀ ਕਾਂਗਰਸ ਦੇ ਵਰਕਰਾਂ ਵਿਚ ਵੀ ਨਿਰਾਸ਼ਾ ਅਤੇ ਮਾਯੂਸੀ ਹੈ। ਉਂਝ ਇਸ ਪੂਰੇ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਵੀ ਕੁਝ ਹੱਦ ਤੱਕ ਮਾਮਲੇ ਨੂੰ ਸਮੇਟਣ ਵਿਚ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਜੇ ਪੰਜਾਬ ਵਿਚ ਕਾਂਗਰਸ ਕਿਸੇ ਹੋਰ ਨੂੰ ਪ੍ਰਧਾਨ ਦਾ ਅਹੁਦਾ ਦੇ ਦਿੰਦੀ ਹੈ ਤਾਂ ਸਿੱਧੂ ਦੇ ਸਿਆਸੀ ਕੈਰੀਅਰ ’ਤੇ ਸਵਾਲੀਆ ਨਿਸ਼ਾਨ ਲੱਗ ਜਾਏਗਾ। ਕੋਈ ਵੀ ਸਿਆਸੀ ਪਾਰਟੀ ਸਿੱਧੂ ਨੂੰ ਲੈਣ ਤੋਂ ਪਹਿਲਾਂ 100 ਵਾਰ ਸੋਚੇਗੀ।
ਇਹ ਵੀ ਪੜ੍ਹੋ : ਰਾਸ਼ਟਰਪਤੀ ਰਾਜ ਵੱਲ ਪੰਜਾਬ ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ