ਜਦੋਂ ਧੁੰਦ ਕਾਰਨ ਰਸਤੇ ''ਚ ਹੀ ਰੋਕੀ ਰੇਲ ਗੱਡੀ
Wednesday, Jan 03, 2018 - 07:18 AM (IST)
ਰੂਪਨਗਰ, (ਕੈਲਾਸ਼)- ਅੰਬਾਲੇ ਤੋਂ ਰੂਪਨਗਰ ਲਈ ਰਵਾਨਾ ਹੋਈ ਬੀਤੀ ਸ਼ਾਮ 7 ਵਜੇ ਪੈਸੰਜਰ ਰੇਲ ਗੱਡੀ ਨੂੰ ਧੁੰਦ ਅਤੇ ਕੋਹਰੇ ਦੇ ਕਾਰਨ ਰਸਤੇ 'ਚ ਰੋਕ ਦਿੱਤਾ ਗਿਆ ਅਤੇ ਸਵਾਰੀਆਂ ਨੂੰ ਹਨੇਰਾ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਸਬੰਧੀ ਰੇਲ ਗੱਡੀ ਰਾਹੀਂ ਰੂਪਨਗਰ ਆ ਰਹੇ ਗੁਰਦੁਆਰਾ ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਦੇ ਸਕੱਤਰ ਮਹਿੰਦਰ ਸਿੰਘ ਉਬਰਾਏ ਨੇ ਦੱਸਿਆ ਕਿ ਰੇਲ ਗੱਡੀ ਜੋ ਸਹਾਰਨਪੁਰ ਤੋਂ ਚੱਲ ਕੇ ਅੰਬਾਲਾ ਸਿਟੀ ਤੋਂ ਕਰੀਬ 7.15 ਮਿੰਟ 'ਤੇ ਰੂਪਨਗਰ ਲਈ ਰਵਾਨਾ ਹੋਈ ਸੀ ਅਤੇ ਕੁਝ ਹੀ ਦੂਰੀ 'ਤੇ ਪਹੁੰਚੀ ਸੀ ਕਿ ਰਸਤੇ 'ਚ ਪੈਂਦੇ ਨੌਂਗਾਵਾਂ ਸਟੇਸ਼ਨ 'ਤੇ ਰੇਲ ਗੱਡੀ ਦੇ ਡਰਾਈਵਰ ਨੇ ਗੱਡੀ ਨੂੰ ਰੋਕ ਦਿੱਤਾ। ਪਹਿਲਾਂ ਤਾਂ ਲੋਕਾਂ ਨੂੰ ਸਮਝ 'ਚ ਨਹੀਂ ਆਇਆ ਕਿ ਗੱਡੀ ਕਿਉਂ ਰੁਕੀ ਪਰ ਜਦੋਂ ਡੇਢ ਘੰਟਾ ਗੱਡੀ ਉੱਥੇ ਖੜ੍ਹੀ ਰਹੀ ਤਾਂ ਕਰੀਬ ਸੈਂਕੜੇ ਯਾਤਰੀ, ਜੋ ਰੇਲ ਗੱਡੀ 'ਚ ਸਵਾਰ ਸਨ ਉੱਤਰ ਕੇ ਸਟੇਸ਼ਨ ਮਾਸਟਰ ਦੇ ਕੋਲ ਗਏ, ਜਿੱਥੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੇਲ ਗੱਡੀ ਦੇ ਡਰਾਈਵਰ ਨੇ ਸੰਘਣੀ ਧੁੰਦ ਅਤੇ ਕੋਹਰੇ ਦੇ ਕਾਰਨ ਰੇਲ ਗੱਡੀ ਨੂੰ ਚਲਾਉਣ ਤੋਂ ਮਨ੍ਹਾ ਕਰ ਦਿੱਤਾ। ਕਿਉਂਕਿ ਡਰਾਈਵਰ ਨੂੰ ਸਿਗਨਲ ਦੀਆਂ ਲਾਈਟਾਂ ਤੱਕ ਵੀ ਨਜ਼ਰ ਨਹੀਂ ਆ ਰਹੀਆਂ ਸਨ, ਜਿਸ ਨਾਲ ਉਹ ਯਾਤਰੀਆਂ ਦੀ ਜਾਨ ਨੂੰ ਖਤਰੇ 'ਚ ਨਹੀਂ ਪਾ ਸਕਦਾ ਸੀ। ਫਿਰ ਕਾਫੀ ਦੇਰ ਬਾਅਦ ਉਕਤ ਰੇਲ ਗੱਡੀ ਨੂੰ ਰੂਪਨਗਰ ਲਈ ਰਵਾਨਾ ਕੀਤਾ ਗਿਆ।
