ਜਦੋਂ ਦਲਿਤ ਭਰਾ ਮਰ ਰਹੇ ਸਨ ਤਾਂ ਨਾ ਪੱਪੂ (ਰਾਹੁਲ) ਆਇਆ ਨਾ ਪਿੰਕੀ ਪੰਜਾਬ ਆਈ : ਤਰੁਣ ਚੁੱਘ
Sunday, Oct 04, 2020 - 02:45 AM (IST)
ਅੰਮ੍ਰਿਤਸਰ,(ਜ. ਬ.) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੈਪਟਨ ਸਾਹਿਬ 6 ਮਹੀਨਿਆਂ ਤੋਂ 7 ਸਟਾਰ ਫਾਰਮ ਹਾਊਸ 'ਚੋਂ ਬਾਹਰ ਨਹੀਂ ਆਏ। ਜ਼ਹਿਰੀਲੀ ਸ਼ਰਾਬ ਕਾਰਣ ਸੈਂਕੜੇ ਲੋਕ ਮਰ ਗਏ ਪਰ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ। ਜਦੋਂ ਦਲਿਤ ਭਰਾ ਮਰ ਰਹੇ ਸਨ, ਉਸ ਵੇਲੇ ਨਾ ਪੱਪੂ ਆਇਆ, ਨਾ ਪਿੰਕੀ ਆਈ। ਅੱਜ ਰਾਹੁਲ ਗਾਂਧੀ ਪੱਪੂ ਜੀ ਪੰਜਾਬ 'ਚ ਘੜਿਆਲੀ ਅੱਥਰੂ ਵਹਾਉਣ, ਝੂਠ ਬੋਲਣ ਅਤੇ ਕਿਸਾਨੀ 'ਤੇ ਸਿਆਸਤ ਕਰਨ ਆ ਰਹੇ ਹਨ।
ਚੁੱਘ ਨੇ ਕਿਹਾ ਕਿ ਕੈਪਟਨ ਸਾਹਿਬ ਨੇ 90 ਹਜ਼ਾਰ ਕਰੋੜ ਰੁਪਏ ਦਾ ਕਿਸਾਨੀ ਕਰਜ਼ਾ-ਮੁਆਫੀ ਦਾ ਵਾਅਦਾ ਆਪਣੇ ਮੈਨੀਫੈਸਟੋ ਵਿਚ ਕੀਤਾ ਸੀ। ਉਸ ਵਾਅਦੇ ਤੋਂ ਬਾਅਦ ਸੈਂਕੜੇ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ ਪਰ ਕਿਸਾਨੀ ਕਰਜ਼ਾ ਅਜੇ ਤਕ ਮੁਆਫ ਨਹੀਂ ਕੀਤਾ ਗਿਆ। ਚੁੱਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਮੈਨੀਫੈਸਟੋ ਵਿਚ ਕਿਹਾ ਸੀ ਕਿ ਏ. ਪੀ. ਐੱਮ. ਸੀ. ਐਕਟ ਵਿਚ ਤਬਦੀਲੀ ਕਰਾਂਗੇ, ਮਾਰਕੀਟ ਓਪਨ ਕਰਾਂਗੇ, ਮੰਡੀ ਦੀ ਵਿਵਸਥਾ ਤੋਂ ਬਾਅਦ ਨਵੀਂ ਮੰਡੀ ਚਾਲੂ ਕਰਾਂਗੇ ਪਰ ਇਸ ਤੋਂ ਉਲਟ ਤੁਸੀਂ ਖੂਨ-ਪਸੀਨਾ ਵਹਾਉਣ ਵਾਲੇ ਕਿਸਾਨਾਂ ਤੋਂ 3,500 ਕਰੋੜ ਰੁਪਿਆ ਟੈਕਸ ਹਰ ਸਾਲ ਇਕੱਠਾ ਕੀਤਾ। ਫਿਰ ਤੁਸੀਂ ਕਿਸਾਨਾਂ ਦੇ ਹਿਤੈਸ਼ੀ ਕਿਵੇਂ ਹੋਏ?