ਕੋਵਿਡ-19 ਦੇ ਬਾਵਜੂਦ ਪੰਜਾਬ ''ਚ ਕਣਕ ਦੀ ਖਰੀਦ 100 ਲੱਖ ਮੀਟ੍ਰਿਕ ਟਨ ਦੇ ਪਾਰ

Thursday, May 07, 2020 - 07:30 PM (IST)

ਚੰਡੀਗੜ੍ਹ, (ਅਸ਼ਵਨੀ)— ਕੋਵਿਡ-19 ਦਰਮਿਆਨ ਕਰਫਿਊ/ਲਾਕਡਾਊਨ ਦੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਨੇ ਕਣਕ ਦੀ ਖਰੀਦ 'ਚ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਾਜੀਤ ਖੰਨਾ ਨੇ ਦੱਸਿਆ ਕਿ ਕਣਕ ਦੀ ਖਰੀਦ ਸ਼ੁਰੂ ਹੋਣ ਦੇ 22 ਦਿਨਾਂ ਦੇ ਸਮੇਂ 'ਚ ਹੀ ਸੂਬੇ ਵਿਚ ਖਰੀਦ ਦਾ 78 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਹਾੜੀ ਦੇ ਇਸ ਸੀਜ਼ਨ ਦੌਰਾਨ 135 ਲੱਖ ਮੀਟ੍ਰਿਕ ਟਨ ਦਾ ਅਨੁਮਾਨ ਮਿਥਿਆ ਗਿਆ ਹੈ ਅਤੇ ਹੁਣ ਤਕ ਮੰਡੀਆਂ 'ਚ 105.14 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ ਤਕਰੀਬਨ 104 ਲੱਖ ਟਨ ਕਣਕ ਖਰੀਦੀ ਵੀ ਜਾ ਚੁੱਕੀ ਹੈ। ਕਰਫਿਊ ਦੇ ਮੱਦੇਨਜ਼ਰ ਮੰਡੀਆਂ 'ਚ ਪੜਾਅਵਾਰ ਫਸਲ ਲਿਆਉਣ ਲਈ ਮੰਡੀ ਬੋਰਡ ਵਲੋਂ ਲਾਗੂ ਕੀਤੀ ਗਈ ਪਾਸ ਪ੍ਰਣਾਲੀ ਨੇ ਕਿਸਾਨਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਹੈ। ਹੁਣ ਤਕ ਕਿਸਾਨਾਂ ਨੂੰ 13.71 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।

ਖੰਨਾ ਨੇ ਦੱਸਿਆ ਕਿ ਹਾੜੀ ਦਾ ਮੌਜੂਦਾ ਮੰਡੀਕਰਨ ਸੀਜ਼ਨ ਪਿਛਲੇ ਸਾਰੇ ਸੀਜ਼ਨਾਂ ਨਾਲੋਂ ਵੱਖਰਾ ਤੇ ਵੱਧ ਚੁਣੌਤੀਪੂਰਨ ਸੀ, ਕਿਉਂਕਿ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮੰਡੀਆਂ 'ਚ ਭੀੜ-ਭੜੱਕਾ ਰੋਕਣਾ ਵੱਡੀ ਜ਼ਿੰਮੇਵਾਰੀ ਸੀ। ਪੰਜਾਬ ਮੰਡੀ ਬੋਰਡ ਨੇ ਫਸਲ ਦੀ ਖਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਹੋਰ ਸਟਾਫ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਉਂਤਬੰਦੀ ਕੀਤੀ, ਜਿਸ ਤਹਿਤ ਇਸ ਵਾਰ ਮੰਡੀਆਂ ਦੀ ਗਿਣਤੀ 1834 ਤੋਂ ਦੁੱਗਣੀ ਕਰਕੇ 4000 ਤਕ ਕਰ ਦਿੱਤੀ ਗਈ ਅਤੇ ਫਸਲ ਲਾਹੁਣ ਲਈ 30 ਗੁਣਾ 30 ਦੇ ਡੱਬੇ ਬਣਾਏ ਗਏ ਤਾਂ ਕਿ ਕਿਸੇ ਵੀ ਥਾਂ 'ਤੇ ਭੀੜ ਨਾ ਜੁੜੇ। ਇਸ ਤੋਂ ਇਲਾਵਾ ਸਮਾਜਿਕ ਦੂਰੀ ਸਮੇਤ ਸਿਹਤ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ 'ਚ ਵੀ ਬੋਰਡ ਨੂੰ ਸਫਲਤਾ ਹਾਸਲ ਹੋਈ। ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 34,000 ਲਿਟਰ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਖਰੀਦ ਕੇਂਦਰਾਂ 'ਚ ਹੱਥ ਧੋਣ ਲਈ 1300 ਟੈਂਕੀਆਂ ਵੀ ਲਾਈਆਂ ਗਈਆਂ, ਜੋ ਸਿਰਫ ਪੈਰਾਂ ਨਾਲ ਪੈਡਲ ਦਬਾਉਣ ਨਾਲ ਚਲਦੀਆਂ ਹਨ। ਖਰੀਦ ਕਾਰਜਾਂ 'ਚ ਜੁਟੇ 5600 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 1.60 ਲੱਖ ਰੈਗੂਲਰ ਮਾਸਕ ਅਤੇ ਸੈਨੀਟਾਈਜ਼ਰ ਦੀਆਂ 18,000 ਬੋਤਲਾਂ ਦੀ ਵੰਡ ਕੀਤੀ ਗਈ ਤਾਂ ਕਿ ਸਿਹਤ ਸੁਰੱਖਿਆ ਦੀ ਪਾਲਣਾ ਨੂੰ ਪੂਰੀ ਤਰਾਂ ਯਕੀਨੀ ਬਣਾਇਆ ਜਾ ਸਕੇ।

 


KamalJeet Singh

Content Editor

Related News