ਪੰਜਾਬ ''ਚ ''ਕਣਕ'' ਦੀ ਖ਼ਰੀਦ ਅੱਜ ਤੋਂ ਸ਼ੁਰੂ, ਮੰਡੀਆਂ ''ਚ ਤਿਆਰੀਆਂ ਮੁਕੰਮਲ
Saturday, Apr 10, 2021 - 09:23 AM (IST)
ਮੁੱਲਾਂਪੁਰ ਦਾਖਾ (ਕਾਲੀਆ) : ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਕਿਸਾਨਾਂ ਦੀ ਮੁੱਖ ਸਹੂਲਤ ਲਈ ਸਫ਼ਾਈ, ਪਾਣੀ, ਛਾਂ ਆਦਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੈਕਟਰੀ ਮਨਮੋਹਣ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਮੰਡੀ ਮੁੱਲਾਂਪੁਰ ਅਤੇ ਇਸ ਦੇ 11 ਖ਼ਰੀਦ ਕੇਂਦਰਾਂ ’ਚ ਐੱਫ. ਸੀ. ਆਈ., ਵੇਅਰ ਹਾਊਸ, ਮਾਰਕਫੈੱਡ, ਪਨਗ੍ਰੇਨ ਆਦਿ 1975 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਏਜੰਸੀਆਂ ਕਣਕ ਦੀ ਖ਼ਰੀਦ ਕਰਨਗੀਆਂ।
ਇਹ ਵੀ ਪੜ੍ਹੋ : ਚੰਡੀਗੜ੍ਹ : PGI ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਫਿਰ ਬੰਦ ਹੋ ਜਾਵੇਗੀ OPD
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 11 ਲੱਖ 86 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋਈ ਸੀ। ਇਸ ਵਾਰ ਉਸ ਤੋਂ ਵੀ ਵੱਧ ਹੋਣ ਦੀ ਉਮੀਦ ਹੈ। ਕੋਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਜਾਰੀ ਹਦਾਇਤਾਂ ’ਤੇ 30×30 ਦੇ ਖਾਨੇ ਬਣਾਏ ਗਏ ਹਨ ਤਾਂ ਜੋ ਸੋਸ਼ਲ ਡਿਸਟੈਂਸ ਬਰਕਰਾਰ ਰਹੇ। ਕਿਸਾਨਾਂ, ਮਜ਼ਦੂਰਾਂ ਆਦਿ ਅਮਲੇ ਲਈ ਮਾਸਕ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੁਪਰਡੈਂਟ ਰਮੇਲ ਸਿੰਘ, ਠੇਕੇਦਾਰ ਪ੍ਰੀਤਮ ਸਿੰਘ ਬੱਲ, ਅਜੇਦੀਪ ਕੱਕੜ, ਮਲਕੀਅਤ ਸਿੰਘ, ਜਸਵੀਰ ਸਿੰਘ, ਪਿਆਰਾ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ