ਪੰਜਾਬ ''ਚ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਖ਼ਰੀਦ, ਤਿਆਰੀਆਂ ਮੁਕੰਮਲ
Thursday, Apr 08, 2021 - 04:06 PM (IST)
ਚੰਡੀਗੜ੍ਹ : ਪੰਜਾਬ ਵਿੱਚ 10 ਅਪ੍ਰੈਲ ਤੋਂ ਰੱਬੀ ਸੀਜ਼ਨ 2021-22 ਦੀ ਫ਼ਸਲ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਭਾਰਤ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਤੈਅ ਕੀਤੇ ਗਏ ਘੱਟੋ ਘੱਟ ਸਮਰਥਨ ਮੁੱਲ 1975 ਰੁਪਏ 'ਤੇ ਸਮੂਹ ਖ਼ਰੀਦ ਏਜੰਸੀਆਂ ਸਮੇਤ ਐਫ. ਸੀ. ਆਈ. ਵੱਲੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ 130 ਲੱਖ ਮੀਟਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ, ਜਿਸ ਵਿੱਚੋਂ 8.50 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਪਨਗਰੇਨ ਵੱਲੋਂ ਬਤੌਰ ਨੋਡਲ ਏਜੰਸੀ, ਰਾਜ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ ਵੰਡਣ ਲਈ ਅਤੇ 121.5 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਸੈਂਟਰਲ ਪੂਲ ਅਧੀਨ ਸਮੂਹ ਏਜੰਸੀਆਂ ਭਾਵ ਪਨਗਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ ਅਤੇ ਐਫ. ਸੀ. ਆਈ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਰਾਜ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਲਈ ਖਰੀਦ ਕੇਂਦਰ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ ਜਾ ਰਹੀ ਹੈ ਅਤੇ ਲਿਕਿੰਗ ਪਲਾਨ ਅਨੁਸਾਰ ਖ਼ਰੀਦ ਏਜੰਸੀਆਂ ਵਿਚਕਾਰ ਅਲਾਟਮੈਂਟ ਕੀਤੀ ਗਈ ਹੈ।