ਕਰਫਿਊ ਦੀਆਂ ਬੰਦਿਸ਼ਾਂ ਦੌਰਾਨ ਕਣਕ ਦੀ ਖਰੀਦ ''ਚ ਸੰਗਰੂਰ ਦੀ ਝੰਡੀ

Friday, Apr 24, 2020 - 11:48 PM (IST)

ਕਰਫਿਊ ਦੀਆਂ ਬੰਦਿਸ਼ਾਂ ਦੌਰਾਨ ਕਣਕ ਦੀ ਖਰੀਦ ''ਚ ਸੰਗਰੂਰ ਦੀ ਝੰਡੀ

ਚੰਡੀਗੜ੍ਹ: ਕੋਵਿਡ-19 ਕਾਰਨ ਕਰਫਿਊ/ਲਾਕਡਾਊਨ ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਣਕ ਦੀ ਖਰੀਦ ਦੇ ਸੁਚਾਰੂ ਪ੍ਰਬੰਧਾਂ ਸਦਕਾ ਪਿਛਲੇ 10 ਦਿਨਾਂ ਵਿੱਚ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਹੁਣ ਤੱਕ 36.66 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 34.22 ਲੱਖ ਮੀਟਰਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਜਿਸ ਵਿੱਚ ਜ਼ਿਲ੍ਹਾ ਸੰਗੂਰਰ ਮੋਹਰੀ ਚੱਲ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਸਮੁੱਚੇ ਖਰੀਦ ਕਾਰਜ ਬਿਹਤਰ ਢੰਗ ਨਾਲ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਮੰਡੀਆਂ ਵਿੱਚ ਹੁਣ ਤੱਕ ਲਗਪਗ 37 ਲੱਖ ਮੀਟਰਕ ਟਨ ਕਣਕ ਪਹੁੰਚੀ ਹੈ, ਜਦਕਿ ਪਿਛਲੇ ਸਾਲ 24 ਅਪ੍ਰੈਲ ਤੱਕ 26.04 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿੱਚੋਂ 21.25 ਲੱਖ ਖਰੀਦੀ ਗਈ ਸੀ ਅਤੇ ਪਿਛਲੇ ਸੀਜ਼ਨ ਵਿੱਚ ਕਣਕ ਦੀ ਖਰੀਦ ਇਕ ਅਪ੍ਰੈਲ ਤੋਂ ਸ਼ੁਰੂ ਹੋਈ ਸੀ। ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸੰਗਰੂਰ ਜ਼ਿਲੇ ਦੀਆਂ ਮੰਡੀਆਂ ਵਿੱਚ ਇਸ ਸਾਲ 4.71 ਲੱਖ ਮੀਟਰਕ ਟਨ ਫਸਲ ਪਹੁੰਚੀ ਹੈ। ਜਿਸ ਵਿੱਚੋਂ 4.45 ਲੱਖ ਮੀਟਰਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਸੰਗਰੂਰ ਤੋਂ ਬਾਅਦ ਕਣਕ ਦੀ ਸਭ ਤੋਂ ਵੱਧ ਆਮਦ ਪਟਿਆਲਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਹੋਈ ਹੈ, ਜੋ ਕ੍ਰਮਵਾਰ 4.16 ਲੱਖ ਮੀਟਰਕ ਟਨ ਅਤੇ 3.33 ਲੱਖ ਮੀਟਰਕ ਟਨ ਬਣਦੀ ਹੈ।

ਕਣਕ ਦੀ ਨਿਰਵਿਘਨ ਖਰੀਦ ਬਾਰੇ ਦੱਸਦਿਆਂ ਸ੍ਰੀ ਖੰਨਾ ਨੇ ਕਿਹਾ ਕਿ ਕਰਫਿਊ ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਅਗਾਊਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਕਿਸਾਨਾਂ ਨੂੰ ਫਸਲ ਲਿਆਉਣ ਲਈ ਪਾਸ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਸੀ ਤਾਂ ਕਿ ਮੰਡੀਆਂ ਵਿੱਚ ਭੀੜ-ਭੜੱਕਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ 6.16 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਮੰਡੀਆਂ ਵਿੱਚ ਖਰੀਦ ਕਾਰਜਾਂ ਵਿੱਚ ਜੁਟੀਆਂ ਸਾਰੀਆਂ ਧਿਰਾਂ ਖਾਸ ਕਰਕੇ ਕਿਸਾਨਾਂ ਵੱਲੋਂ ਸਮਾਜਿਕ ਦੂਰੀ ਸਮੇਤ ਸਿਹਤ ਸੁਰੱਖਿਆ ਉਪਾਵਾਂ ਅਪਨਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕੋਰੋਨਾਵਾਇਰਸ ਦੇ ਰੋਗ ਦੀ ਰੋਕਥਾਮ ਦਾ ਇਹੀ ਸਭ ਤੋਂ ਕਾਰਗਰ ਤਰੀਕਾ ਹੈ। ਉਨ੍ਹਾਂ ਨੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਖਿਆ ਕਿ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।


 


author

Deepak Kumar

Content Editor

Related News