ਕਣਕ ਦੀ MSP ’ਚ ਵਾਧਾ ਸ਼ਰਮਨਾਕ, ਕੇਂਦਰ ਕਿਸਾਨਾਂ ਦੇ ਜ਼ਖ਼ਮਾਂ ਉੱਤੇ ਭੁੱਕ ਰਿਹੈ ਲੂਣ : ਕੈਪਟਨ

Wednesday, Sep 08, 2021 - 11:43 PM (IST)

ਚੰਡੀਗੜ੍ਹ- ਕੇਂਦਰੀ ਕੈਬਨਿਟ ਵੱਲੋਂ ਕਣਕ ਦੀ ਐੱਮ. ਐੱਸ. ਪੀ. ’ਚ ਕੀਤੇ ਵਾਧੇ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਕੇਂਦਰ ਸਰਕਾਰ ਨੂੰ ਮੁਸੀਬਤ ’ਚ ਘਿਰੇ ਕਿਸਾਨਾਂ, ਜੋ ਪਿਛਲੇ 10 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰਨ ਲਈ ਸੜਕਾਂ ਉੱਤੇ ਉਤਰੇ ਹੋਏ ਹਨ, ਦੇ ਜ਼ਖ਼ਮਾਂ ਉੱਤੇ ਲੂਣ ਭੁੱਕਣ ਲਈ ਕਰੜੇ ਹੱਥੀਂ ਲਿਆ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਦਾ ਖੇਤੀਬਾੜੀ ਖੇਤਰ ਔਖੇ ਸਮੇਂ ’ਚੋਂ ਲੰਘ ਰਿਹਾ ਹੈ ਅਤੇ ਕਿਸਾਨ ਢੁੱਕਵੀਂ ਐੱਮ.ਐੱਸ.ਪੀ. ਲਈ ਅੰਦੋਲਨ ਕਰ ਰਹੇ ਹਨ, ਅਜਿਹੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਅੰਨਦਾਤਿਆਂ ਨਾਲ ਕੋਝਾ ਮਜ਼ਾਕ ਕੀਤਾ ਹੈ। 

ਇਹ ਵੀ ਪੜ੍ਹੋ : ਫੁੱਟ-ਫੁੱਟ ਕੇ ਸਰਕਾਰ ਨੂੰ ਰੋਣ ਲੱਗੀ ਔਰਤ ਅਤੇ ਟੁੱਟੀਆਂ ਬਾਹਾਂ ਨਾਲ ਧਰਨੇ ’ਚ ਡਟਿਆ ਕਿਸਾਨ (ਵੀਡੀਓ)
ਕਣਕ ਦੀ ਐੱਮ.ਐੱਸ.ਪੀ਼ ਨੂੰ ਪ੍ਰਤੀ ਕਵਿੰਟਲ 2830 ਰੁਪਏ ਨਿਰਧਾਰਤ ਕੀਤੇ ਜਾਣ (ਕੇਂਦਰ ਵੱਲੋਂ ਅੱਜ ਐਲਾਨੀ 2015 ਰੁਪਏ ਪ੍ਰਤੀ ਕਵਿੰਟਲ ਦੀ ਨਿਗੂਣੀ ਜਿਹੀ ਕੀਮਤ ਦੀ ਥਾਂ ) ਦੀ ਮੰਗ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਉਪਭੋਗਤਾਵਾਂ ਨੂੰ ਆਰਥਿਕ ਛੋਟ ਦੇਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਰਾਹਤ ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਦਿੰਦੇ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਵੇ ਅਤੇ ਉਨ੍ਹਾਂ ਨੂੰ ਬਣਦੇ ਹੱਕ ਦੇਵੇ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਅਣਗੌਲਿਆ ਕੀਤੇ ਜਾਣ ਕਾਰਨ ਖੇਤੀ ਖੇਤਰ, ਜੋ ਦੇਸ਼ ਦੀ ਸਭ ਤੋਂ ਵੱਡੀ ਆਰਥਿਕ ਤਾਕਤ ਹੈ, ਤਬਾਹੀ ਦੇ ਕੰਢੇ ਉੱਤੇ ਆ ਗਿਆ ਹੈ।

 

ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ADC ਤੇ ਸੁਪਰਡੈਂਟ 1.30 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਉਨ੍ਹਾਂ ਅੱਗੇ ਪੁੱਛਿਆ, ‘‘ਕੇਂਦਰ ਸਰਕਾਰ ਕਿਉਂ ਸਾਡੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਬੁਰਾ ਸਲੂਕ ਕਰ ਰਹੀ ਹੈ।’’ 
ਕਣਕ ਦੇ ਐੱਮ. ਐੱਸ. ਪੀ. ਨੂੰ ਪ੍ਰਤੀ ਕਵਿੰਟਲ 2015 ਰੁਪਏ ਨਿਰਧਾਰਤ ਕੀਤੇ ਜਾਣ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਤੋਂ ਕਿਤੇ ਹੇਠਾਂ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ’ਚ ਕਣਕ ਦੀ ਪੈਦਾਵਾਰ ਦੀ ਲਾਗਤ ਨੂੰ ਮੁੱਖ ਰੱਖਦਿਆਂ ਪ੍ਰਤੀ ਕਵਿੰਟਲ 2830 ਰੁਪਏ ਐੱਮ.ਐੱਸ.ਪੀ. ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸੀ.ਏ.ਸੀ.ਪੀ. ਦੇ ਅਨੁਮਾਨਾਂ ਮੁਤਾਬਕ ਬੀਤੇ ਵਰ੍ਹੇ ਸਿਰਫ ਵਿਸਥਾਰਤ ਉਤਪਾਦਨ ਲਾਗਤ ਹੀ 3.5 ਫੀਸਦ ਵਧ ਗਈ ਸੀ ਅਤੇ ਇਸ ਨਾਲ ਤਾਂ ਲਾਗਤ ਖਰਚਿਆਂ ਵਿਚਲੀ ਮੁਦਰਾਸਫਿਤੀ ਵੀ ਪੂਰੀ ਨਹੀਂ ਪੈਂਦੀ ।

ਇਹ ਵੀ ਪੜ੍ਹੋ : MSP ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਵਧਾਈ ਜਾਵੇ : ਬਾਦਲ
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਣਕ ਦੀ ਐੱਮ. ਐੱਸ. ਪੀ. ਹਾੜ੍ਹੀ ਦੇ ਸੀਜ਼ਨ (2021-22) ’ਚ 1975 ਰੁਪਏ ਪ੍ਰਤੀ ਕਵਿੰਟਲ ਤੋਂ ਵਧਦੀ ਹੋਈ ਹਾੜ੍ਹੀ (2022-23) ਲਈ 2015 ਰੁਪਏ ਪ੍ਰਤੀ ਕਵਿੰਟਲ ਤੱਕ ਪਹੁੰਚ ਗਈ ਹੈ, ਜੋ ਬੀਤੇ ਵਰ੍ਹੇ ਦੇ ਮੁਕਾਬਲੇ ਸਿਰਫ 2 ਫੀਸਦੀ ਵਾਧਾ ਹੈ ਪਰ ਲਾਗਤ ਖਰਚੇ ਕਾਫੀ ਵਧ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵਰ੍ਹੇ ਉਜਰਤਾਂ ’ਚ 7 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ 4 ਫੀਸਦੀ ਅਤੇ ਮਸ਼ੀਨਰੀ ਦੀ ਕੀਮਤ ਇਸ ਸਮੇਂ ਦੌਰਾਨ ਤਕਰੀਬਨ 20 ਫੀਸਦੀ ਵਧ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਿਉਂਕਿ ਕਣਕ ਦੀ ਕਾਸ਼ਤ ਦੀ ਲਾਗਤ ’ਚ ਉਪਰੋਕਤ ਪੱਖ ਕਾਫੀ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਲਈ ਐੱਮ.ਐੱਸ.ਪੀ. ’ਚ 2 ਫੀਸਦੀ ਦਾ ਮਾਮੂਲੀ ਜਿਹਾ ਵਾਧਾ ਕੀਤੇ ਜਾਣ ਨਾਲ ਪੰਜਾਬ ਦੇ ਕਿਸਾਨਾਂ ਦਾ ਘਾਟਾ ਪੂਰਾ ਨਹੀਂ ਹੋਵੇਗਾ ਅਤੇ ਉਨ੍ਹਾਂ ਦੇ ਮੁਨਾਫੇ ਉੱਤੇ ਵੀ ਅਸਰ ਪਵੇਗਾ।


Bharat Thapa

Content Editor

Related News