ਪੰਜਾਬ ਦੀਆਂ ਮੰਡੀਆਂ ''ਚ ਦੁਪਹਿਰ ਤੱਕ ਨਹੀਂ ਸ਼ੁਰੂ ਹੋ ਸਕੀ ''ਕਣਕ'' ਦੀ ਖ਼ਰੀਦ

04/10/2021 3:54:49 PM

ਸਮਰਾਲਾ (ਸੰਜੇ ਗਰਗ) : ਕੇਂਦਰ ਸਰਕਾਰ ਵੱਲੋਂ ਇਸ ਵਾਰ ਕਣਕ ਖ਼ਰੀਦ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਕਰਨ ਦੇ ਫ਼ੈਸਲੇ ਨੇ ਸੂਬੇ ਅੰਦਰ ਕਣਕ ਦੀ ਸਰਕਾਰੀ ਖ਼ਰੀਦ ਦੇ ਕੰਮ ਵਿੱਚ ਵੱਡੀ ਰੁਕਾਵਟ ਖੜ੍ਹੀ ਕਰ ਦਿੱਤੀ। ਅੱਜ ਸ਼ਨੀਵਾਰ ਤੋਂ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦੇ ਐਲਾਨ ਤੋਂ ਬਾਅਦ ਵੀ ਸਿੱਧੀ ਅਦਾਇਗੀ ਦੇ ਰੇੜਕੇ ਕਾਰਨ ਪੰਜਾਬ ਦੀ ਕਿਸੇ ਇੱਕ ਵੀ ਮੰਡੀ ਵਿੱਚ ਦੁਪਹਿਰ ਤੱਕ ਫ਼ਸਲ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਹਾਲਾਂਕਿ ਦੁਪਹਿਰ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਮਗਰੋਂ ਆੜ੍ਹਤੀਆਂ ਵੱਲੋਂ ਹੜ੍ਹਤਾਲ ਵਾਪਸ ਲੈ ਲਈ ਗਈ ਹੈ।

ਆੜ੍ਹਤੀਆਂ ਦੀ ਹੜ੍ਹਤਾਲ ਕਾਰਨ ਪੰਜਾਬ ਦੀਆਂ ਹੋਰ ਮੰਡੀਆਂ ਵਾਂਗ ਸਮਰਾਲਾ ਅਨਾਜ ਮੰਡੀ ਵਿੱਚ ਵੀ ਅੱਜ ਤੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਐਲਾਨ ਹੋਣ ਮਗਰੋਂ ਵੀ ਸੁੰਨ ਛਾਈ ਰਹੀ ਅਤੇ ਇਥੇ ਇੱਕ ਵੀ ਕਿਸਾਨ ਆਪਣੀ ਫ਼ਸਲ ਮੰਡੀ ਵੇਚਣ ਲਈ ਨਹੀਂ ਲੈ ਕੇ ਆਇਆ। ਇਸ ਮੌਕੇ ਮਾਰਕਿਟ ਕਮੇਟੀ ਸਮਰਾਲਾ ਦੇ ਚੇਅਰਮੈਨ ਸੁਖਵੀਰ ਸਿੰਘ ਪੱਪੀ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਭਾਵੇਂ ਉਨ੍ਹਾਂ ਵੱਲੋਂ ਸਮਰਾਲਾ ਅਨਾਜ ਮੰਡੀ ਸਮੇਤ ਇਸ ਅਧੀਨ ਆਉਂਦੇ ਹੋਰ ਸਾਰੇ ਖ਼ਰੀਦ ਕੇਂਦਰਾਂ 'ਤੇ ਅੱਜ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਪਰ ਸਿੱਧੀ ਅਦਾਇਗੀ ਦੇ ਅੜਿੱਕੇ ਕਾਰਨ ਆੜ੍ਹਤੀਆਂ ਅਤੇ ਲੇਬਰ ਦੀ ਹੜਤਾਲ ਹੋਣ ਕਾਰਨ ਅੱਜ ਪਹਿਲੇ ਦਿਨ ਕੋਈ ਖ਼ਰੀਦ ਨਹੀਂ ਹੋ ਸਕੀ।

ਇਸ ਮੌਕੇ ਸਮਰਾਲਾ ਮੰਡੀ ਦੇ ਆੜ੍ਹਤੀ ਹਰਪਾਲ ਸਿੰਘ ਨਾਗਰਾ, ਜਸਮੇਰ ਸਿੰਘ, ਆਲਮਦੀਪ ਸਿੰਘ ਮੱਲਮਾਜਰਾ ਅਤੇ ਰਿੰਕੂ ਥਾਪਰ ਨੇ ਪੰਜਾਬ ਭਰ ਵਿੱਚ ਆੜ੍ਹਤੀਆਂ ਦੀ ਹੜਤਾਲ ਜਾਰੀ ਰਹਿਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਆੜ੍ਹਤੀ ਸਿੱਧੀ ਅਦਾਇਗੀ ਨਹੀਂ ਹੋਣ ਦੇਣਗੇ। ਇਨ੍ਹਾਂ ਆੜ੍ਹਤੀਆਂ ਨੇ ਸਿੱਧੀ ਅਦਾਇਗੀ ਦਾ ਫ਼ੈਸਲਾ ਵਾਪਸ ਲੈਣ ਸਮੇਤ ਕੁੱਲ 4 ਮੰਗਾਂ ਸਰਕਾਰ ਅੱਗੇ ਰੱਖਦੇ ਹੋਏ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਮੰਡੀਆਂ ਵਿੱਚ ਫ਼ਸਲ ਦਾ ਇੱਕ ਦਾਣਾ ਵੀ ਨਹੀਂ ਆਉਣ ਦੇਣਗੇ।
 


Babita

Content Editor

Related News