ਪੰਜਾਬ ਦੀ ਸਿਆਸਤ ''ਚ ਇਕ ਹੋਰ ਪਾਰਟੀ ਦੀ ਐਂਟਰੀ! ਲੜੇਗੀ 2027 ਦੀਆਂ ਚੋਣਾਂ; ਇਸ ਸੂਬੇ ''ਚ ਚਲਾ ਰਹੀ ਸਰਕਾਰ
Sunday, Jul 05, 2026 - 10:49 AM (IST)
ਚੰਡੀਗੜ੍ਹ (ਅੰਕੁਰ)- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਦੀ ਸਿਆਸਤ ’ਚ ਆਪਣੇ ਰਸਮੀ ਦਾਖ਼ਲੇ ਦਾ ਐਲਾਨ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਪਣਾ ਰੋਡਮੈਪ ਪੇਸ਼ ਕੀਤਾ। ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਕੁਮਾਰ ਨੇ ਕਿਹਾ ਕਿ ਜੇ. ਡੀ. ਯੂ. ਪੰਜਾਬ ’ਚ ਇਕ ਭਰੋਸੇਯੋਗ, ਵਿਕਾਸਮੁਖੀ ਅਤੇ ਲੋਕ ਹਿੱਤਾਂ ’ਤੇ ਆਧਾਰਤ ਸਿਆਸੀ ਬਦਲ ਵਜੋਂ ਆਪਣੀ ਭੂਮਿਕਾ ਨਿਭਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਪਾਰਦਰਸ਼ੀ, ਜਵਾਬਦੇਹ ਅਤੇ ਸਾਫ਼-ਸੁਥਰੀ ਸਰਕਾਰ ਦੀ ਲੋੜ ਹੈ, ਜੋ ਨੌਜਵਾਨਾਂ, ਕਿਸਾਨਾਂ, ਉਦਯੋਗਪਤੀਆਂ ਤੇ ਆਮ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰੇ।
ਉਨ੍ਹਾਂ ਕਿਹਾ ਕਿ ਜੇ. ਡੀ. ਯੂ. ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ। ਇਸ ਮੌਕੇ ਪਾਰਟੀ ਨੇ ਪੰਜਾਬ ਪ੍ਰਦੇਸ਼ ਦੀ ਕੋਰ ਕਮੇਟੀ ਦਾ ਵੀ ਐਲਾਨ ਕੀਤਾ। ਮਲਵਿੰਦਰ ਸਿੰਘ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਗੁਰਪਾਲ ਸਿੰਘ ਹੁੰਦਲ ਨੂੰ ਉਪ ਪ੍ਰਧਾਨ, ਆਈ.ਐੱਸ. ਆਹਲੂਵਾਲੀਆ ਨੂੰ ਜਨਰਲ ਸਕੱਤਰ, ਸੰਜੀਵ ਝਾਅ ਨੂੰ ਜਨਰਲ ਸਕੱਤਰ (ਸੰਗਠਨ) ਤੇ ਕੰਵਰ ਸਿੰਘ ਢੀਂਡਸਾ ਨੂੰ ਕੋਰ ਲੀਡਰਸ਼ਿਪ ਦਾ ਪ੍ਰਮੁੱਖ ਮੈਂਬਰ ਬਣਾਇਆ ਗਿਆ ਹੈ।
