ਕਣਕਾਂ ਨੂੰ ਲੱਗੀ ਅੱਗ ਪਰ ਸਿਆਸੀ ਮੈਦਾਨ ਠੰਡਾ

Wednesday, May 01, 2019 - 04:16 PM (IST)

ਕਣਕਾਂ ਨੂੰ ਲੱਗੀ ਅੱਗ ਪਰ ਸਿਆਸੀ ਮੈਦਾਨ ਠੰਡਾ

ਅੱਪਰਾ (ਅਜਮੇਰ) : ਕਿਸੇ ਵੇਲੇ ਖੇਤੀਬਾੜੀ ਦੇ ਕਿੱਤੇ ਨੂੰ 'ਉੱਤਮ' ਕਿਹਾ ਜਾਂਦਾ ਸੀ ਪਰ ਅੱਜ ਦੇ ਦੌਰ 'ਚ ਕਿਸਾਨ ਹਰ ਪਾਸਿਓਂ ਘਿਰਿਆ ਮਹਿਸੂਸ ਕਰਦਾ ਹੈ ਅਤੇ ਸਲਫਾਸ ਖਾਣ ਜਾਂ ਫਾਹਾ ਲੈਣ ਨੂੰ ਆਪਣੀ ਦੁਖੀ ਜੀਵਨ ਦਾ ਹੱਲ ਸਮਝਣ ਲੱਗਿਆ ਹੈ। ਸਰਕਾਰਾਂ ਹੱਥ 'ਤੇ ਹੱਥ ਧਰ ਕੇ ਬੈਠੀਆਂ ਹਨ ਅਤੇ ਕੋਈ ਵੀ ਪ੍ਰਬੰਧ ਕਰਨ ਲਈ ਸੁਚੇਤ ਹੋਈਆਂ ਦਿਖਾਈ ਨਹੀਂ ਦਿੰਦੀਆਂ, ਉਹ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ। 

ਇੱਥੋਂ ਦੇ ਅੱਪਰਾ ਇਲਾਕੇ ਦੇ ਲਗਭਗ ਚਾਰੇ ਪਾਸੇ ਹੀ ਅੱਗ ਨੇ ਕਿਸਾਨਾਂ ਵੱਲੋਂ ਆਪਣੇ ਬੱਚਿਆਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਰਾਖ ਕਰ ਕੇ ਰੱਖ ਦਿੱਤਾ ਪਰ ਤੜਫਦੇ ਕਿਸਾਨਾਂ ਨੂੰ ਫਾਇਰ ਬ੍ਰਿਗੇਡ ਉਦੋਂ ਮਿਲੀ ਜਦੋਂ ਸਭ ਕੁਝ ਖਤਮ ਹੋ ਚੁੱਕਾ ਸੀ। ਦੂਜੇ ਪਾਸੇ ਦੇਸ਼ ਦੀਆਂ ਆਮ ਚੋਣਾਂ ਦੇ ਆਖਰੀ ਪੜਾਅ 'ਚ ਪੰਜਾਬ ਸੂਬੇ 'ਚ 19 ਮਈ ਨੂੰ ਵੋਟਾਂ ਪੈਣਗੀਆਂ, ਜਿਸ ਲਈ ਸਾਰੀਆਂ ਹੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰ ਸਮਾਂ ਰਹਿੰਦਿਆਂ ਹੀ ਐਲਾਨ ਦਿੱਤੇ ਗਏ ਸਨ ਪਰ ਅਜੇ ਇੱਕਾ-ਦੁੱਕਾ ਮੀਟਿੰਗਾਂ ਨੂੰ ਛੱਡ ਕੇ ਕਿਸੇ ਵੀ ਉਮੀਦਵਾਰ ਵੱਲੋਂ ਪੂਰੀ ਤਰ੍ਹਾਂ ਸਰਗਰਮੀ ਨਹੀਂ ਦਿਖਾਈ ਜਾ ਰਹੀ ਅਤੇ ਨਾ ਹੀ ਅਜੇ ਤਕ ਪਿੰਡਾਂ 'ਚ ਕੋਈ ਸਪੀਕਰ ਵੱਜਦਾ ਸੁਣਾਈ ਦਿੱਤਾ ਹੈ ਅਤੇ ਨਾ ਹੀ ਪੋਸਟਰ ਵਗੈਰਾ ਕਿਧਰੇ ਦਿਖਾਈ ਰਹੇ ਹਨ।

ਇਹ ਵੀ ਹੈਰਾਨੀ ਦੀ ਗੱਲ ਹੈ ਕਿ ਵੋਟਰਾਂ 'ਚ ਵੀ ਇਨ੍ਹਾਂ ਚੋਣਾਂ ਪ੍ਰਤੀ ਕੋਈ ਰੁਝਾਨ ਵੇਖਣ ਨੂੰ ਨਹੀਂ ਮਿਲ ਰਿਹਾ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਅੱਪਰਾ ਇਲਾਕੇ ਦੇ ਵੋਟਰ ਵੀ ਹੋਰਨਾਂ ਇਲਾਕਿਆਂ ਦੇ ਵੋਟਰਾਂ ਵਾਂਗ ਆਪਣੇ ਉਮੀਦਵਾਰਾਂ ਨੂੰ ਸਵਾਲ ਕਰਨ ਦਾ ਜ਼ੇਰਾ ਰੱਖਣਗੇ, ਕਿਉਂਕਿ ਅੱਜ ਦੀ ਨਵੀਂ ਪੀੜ੍ਹੀ ਜਾਗ ਉੱਠੀ ਹੈ ਅਤੇ ਉਹ ਆਪਣੇ ਆਗੂਆਂ ਨੂੰ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਨੇ ਸਮਾਜ ਲਈ, ਸੂਬੇ ਲਈ ਜਾਂ ਦੇਸ਼ ਲਈ ਕੀ ਕੀਤਾ ਹੈ? ਜੇਕਰ ਵੋਟਰ ਸਵਾਲ ਕਰਨ ਜੋਗਾ ਹੋ ਜਾਵੇ ਤਾਂ ਨੇਤਾਵਾਂ ਨੂੰ ਜਵਾਬਦੇਹ ਬਣਨਾ ਹੀ ਪਵੇਗਾ ਅਤੇ ਜਿੰਨੀ ਦੇਰ ਲੀਡਰ ਜਵਾਬਦੇਹ ਨਹੀਂ ਬਣਦੇ ਦੇਸ਼ ਦੀ ਤਕਦੀਰ ਨਹੀਂ ਬਦਲ ਸਕੇਗੀ।
 


author

Anuradha

Content Editor

Related News