ਮੋਹਾਲੀ ਜ਼ਿਲ੍ਹੇ ''ਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਫ਼ਸਲ ਕੱਟਣ ''ਤੇ ਪਾਬੰਦੀ

Friday, Apr 01, 2022 - 01:05 PM (IST)

ਮੋਹਾਲੀ (ਨਿਆਮੀਆਂ) : ਜ਼ਿਲ੍ਹਾ ਮੈਜਿਸਟ੍ਰੇਟ ਈਸ਼ਾ ਕਾਲੀਆ ਨੇ ਜ਼ਿਲ੍ਹਾ ਮੋਹਾਲੀ ਦੀ ਹਦੂਦ ਅੰਦਰ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਫ਼ਸਲ ਕੱਟਣ ’ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਉਸ ਦੀ ਰਹਿੰਦ-ਖੂੰਹਦ ਨੂੰ ਸਾੜਨ ’ਤੇ ਮੁਕੰਮਲ ਰੋਕ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕੰਬਾਈਨਾਂ ਨੂੰ ਕੰਬਾਈਨ ਹਾਰਵੈਸਟਰ ਸੁਪਰ ਐੱਸ. ਐੱਮ. ਐੱਸ. ਲਵਾ ਕੇ ਹੀ ਵਰਤਿਆ ਜਾਵੇ।

ਇਹ ਹੁਕਮ 30 ਮਈ ਤੱਕ ਤੁਰੰਤ ਅਸਰ ਨਾਲ ਲਾਗੂ ਰਹਿਣਗੇ। ਈਸ਼ਾ ਕਾਲੀਆ ਨੇ ਦੱਸਿਆ ਕਿ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਫ਼ਸਲ ਦੀ ਕਟਾਈ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਰਾਤ ਨੂੰ ਕੰਬਾਈਨਾਂ ਚਲਾਉਣ ਨਾਲ ਹਾਦਸੇ ਵਾਪਰਨ ਦਾ ਖ਼ਤਰਾ ਵੱਧ ਜਾਂਦਾ ਹੈ। ਕੰਬਾਈਨਾਂ ਜਦੋਂ ਰਾਤ ਵੇਲੇ ਕਣਕ ਦੀ ਕਟਾਈ ਕਰਦੀਆਂ ਹਨ ਤਾਂ ਜਿਹੜੀ ਫ਼ਸਲ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਉਸ ਵਿਚ ਨਮੀ ਸਰਕਾਰ ਦੀਆਂ ਨਿਰਧਾਰਿਤ ਕੀਤੀਆਂ ਸਪੈਸੀਫਿਕੇਸ਼ਨਸ ਤੋਂ ਉੱਪਰ ਹੁੰਦੀ ਹੈ ਅਤੇ ਖ਼ਰੀਦ ਏਜੰਸੀਆਂ ਉਸ ਕਣਕ ਨੂੰ ਖ਼ਰੀਦਣ ਤੋਂ ਅਸਮਰੱਥ ਹੁੰਦੀਆਂ ਹਨ।

ਉਨ੍ਹਾਂ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ, ਜਿਸ ਕਾਰਨ ਇਸ ਵਿਚੋਂ ਨਿਕਲਣ ਵਾਲੀਆਂ ਗੈਸਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਜ਼ਮੀਨ ਦੀ ਉਪਜਾਊ ਤਾਕਤ ਦਾ ਨੁਕਸਾਨ ਵੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਕੰਬਾਈਨ ਹਾਰਵੈਸਟਰ ਸੁਪਰ ਐੱਸ. ਐੱਮ. ਐੱਸ. ਲਾਏ ਬਗੈਰ ਨਾ ਚਲਾਈ ਜਾਵੇ।
 


Babita

Content Editor

Related News