ਗਰਮੀ ਨੇ ਉਡਾਇਆ ''ਕਿਸਾਨਾਂ'' ਦੇ ਚਿਹਰਿਆਂ ਦਾ ਰੰਗ!

Tuesday, Mar 13, 2018 - 12:16 PM (IST)

ਗਰਮੀ ਨੇ ਉਡਾਇਆ ''ਕਿਸਾਨਾਂ'' ਦੇ ਚਿਹਰਿਆਂ ਦਾ ਰੰਗ!

ਚੰਡੀਗੜ੍ਹ : ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਇਸ ਸਮੇਂ ਤਾਪਮਾਨ 32 ਡਿਗਰੀ ਸੈਲਸੀਅਸ ਦੇ ਨੇੜੇ ਪੁੱਜ ਗਿਆ ਹੈ ਅਤੇ ਵਧਦੀ ਹੋਈ ਗਰਮੀ ਨੇ ਕਿਸਾਨਾਂ ਦੇ ਚਿਹਰਿਆਂ ਦਾ ਰੰਗ ਉਡਾ ਛੱਡਿਆ ਹੈ ਕਿਉਂਕਿ ਇਸ ਸਮੇਂ ਕਣਕ ਦੀ ਫਸਲ ਪੱਕਣ ਦੀ ਤਿਆਰੀ 'ਚ ਹੈ। ਪੰਜਾਬ 'ਚ ਇਸ ਸਮੇਂ ਕਣਕ ਦੇ ਦਾਣੇ ਤਰਲ ਅਵਸਥਾ 'ਚ ਹਨ ਅਤੇ ਉਨ੍ਹਾਂ ਨੂੰ ਸਹੀ ਦਾਣੇ ਬਣਨ 'ਚ ਕੁਝ ਦਿਨਾਂ ਦਾ ਹੋਰ ਸਮਾਂ ਲੱਗੇਗਾ ਪਰ ਤਾਪਮਾਨ ਵਧਣ ਕਾਰਨ ਕਣਕ ਦੀ ਪੈਦਾਵਾਰ 'ਤੇ ਬੁਰਾ ਅਸਰ ਪੈ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੱਕ ਬਾਰਸ਼ ਹੋਣ ਦੀ ਸੰਭਾਵਨਾ ਨਹੀਂ ਹੈ, ਜਦੋਂ ਕਿ ਆਉਣ ਵਾਲੇ ਦਿਨਾਂ 'ਚ ਪਾਰਾ 30 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਰਹੇਗਾ। ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਬੱਦਲ ਛਾਏ ਰਹਿਣਗੇ ਪਰ ਤਾਪਮਾਨ ਘਟਣ ਦੀ ਸੰਭਾਵਨਾ ਨਹੀਂ ਹੈ। ਖੇਤੀਬਾੜੀ ਵਿਭਾਗ ਦੇ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਦਾ ਵੀ ਮੰਨਣਾ ਹੈ ਕਿ ਇਸ ਸਮੇਂ ਬਾਰਸ਼ ਬਹੁਤ ਜ਼ਰੂਰੀ ਹੈ ਕਿਉਂਕਿ ਅਜੇ ਦਾਣੇ ਬਣਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫਸਲ ਦੇ ਰੰਗ ਅਤੇ ਰੂਪ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਸ ਵਾਰ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੋਵੇਗੀ ਪਰ ਹੁਣ ਅਚਾਨਕ ਗਰਮੀ ਦੇ ਵਧਣ ਕਾਰਨ ਖਤਰਾ ਵਧ ਗਿਆ ਹੈ। 


Related News