ਸ਼ਾਰਟ ਸਰਕਿਟ ਨਾਲ 6 ਏਕੜ ਫਸਲ ਸੜ ਕੇ ਸੁਆਹ
Saturday, May 04, 2019 - 03:05 PM (IST)

ਲੁਧਿਆਣਾ (ਅਨਿਲ) : ਸਥਾਨਕ ਸੂਬਾ ਲਾਡੋਵਾਲ 'ਚ ਅੱਜ 12 ਵਜੇ ਦੇ ਕਰੀਬ ਸ਼ਾਰਟ ਸਰਕਿਟ ਹੋਣ ਕਾਰਨ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਕਿਸਾਨ ਨਰਿੰਦਰ ਸਿੰਘ ਅਤੇ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਵਜੇ ਦੇ ਕਰੀਬ ਉਨ੍ਹਾਂ ਦੇ ਖੇਤ ਦੇ ਉਪਰੋਂ ਗੁਜ਼ਰਨ ਵਾਲੀਆਂ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਹੋਣ ਕਾਰਨ ਅੱਗ ਦੀਆਂ ਚੰਗਿਆੜੀਆਂ ਹੇਠਾਂ ਖੜ੍ਹੀ ਫਸਲ 'ਤੇ ਡਿੱਗ ਪਈਆਂ। ਦੇਖਦੇ ਹੀ ਦੇਖਦੇ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸ ਕਾਰਨ ਤੇਜ਼ੀ ਨਾਲ ਅੱਗ ਫੈਲਦੇ ਹੋਏ 6 ਏਕੜ ਫਸਲ ਸੜ ਕੇ ਸੁਆਹ ਹੋ ਗਈ।
ਮੌਕੇ 'ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਕਰੀਬ 1 ਦਰਜਨ ਕਿਸਾਨਾਂ ਨੇ ਟਰੈਕਟਰ ਲਿਆ ਕੇ ਨੇੜੇ ਖੜ੍ਹੀ 20 ਏਕੜ ਫਸਲ ਨੂੰ ਬਚਾਇਆ। ਮੌਕੇ 'ਤੇ ਪੁੱਜੇ ਥਾਣਾ ਲਾਡੋਵਾਲ ਮੁਖੀ ਠਾਕੁਰ ਮਨਮੋਹਨ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਜਿਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।