ਪੰਜਾਬ ''ਚ 25 ਮਈ ਤੱਕ ਮੁਕੰਮਲ ਹੋਵੇਗਾ ਕਣਕ ਦੀ ਖ਼ਰੀਦ ਦਾ ਕੰਮ
Friday, May 24, 2019 - 11:56 AM (IST)
 
            
            ਚੰਡੀਗੜ੍ਹ (ਭੁੱਲਰ)— ਪੰਜਾਬ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ 'ਚ ਸਰਕਾਰੀ ਏਜੰਸੀਆਂ ਵਲੋਂ ਚੱਲ ਰਹੀ ਕਣਕ ਦੀ ਖ਼ਰੀਦ 25 ਮਈ, 2019 ਤੱਕ ਕੀਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚੋਂ ਖ਼ਰੀਦੀ ਕਣਕ ਦੀ ਚੁਕਾਈ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਕੁੱਲ ਕਣਕ ਵਿੱਚੋਂ 95 ਫ਼ੀਸਦ ਕਣਕ ਦੀ ਚੁਕਾਈ ਮੁਕੰਮਲ ਹੋ ਚੁੱਕੀ ਹੈ। ਬਠਿੰਡਾ, ਫ਼ਰੀਦਕੋਟ, ਕਪੂਰਥਲਾ, ਪਟਿਆਲਾ, ਸੰਗਰੂਰ, ਐਸ.ਏ.ਐਸ. ਨਗਰ ਅਤੇ ਮਾਨਸਾ ਵਿੱਚ 99 ਫ਼ੀਸਦ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਆਪਣੀ ਕਣਕ ਨੂੰ ਜਲਦੀ ਤੋਂ ਜਲਦੀ ਅਨਾਜ ਮੰਡੀਆਂ ਤਕ ਪਹੁੰਚਾਉਣ ਦੀ ਅਪੀਲ ਕਰਦਿਆਂ ਬੁਲਾਰੇ ਨੇ ਕਿਹਾ ਕਿ ਖੁਰਾਕ ਵਿਭਾਗ ਵੱਲੋਂ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਕਣਕ ਦੀ ਖਰੀਦ ਨਾਲ ਸੂਬੇ ਦੇ 8.20 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ। ਸੂਬਾ ਖਰੀਦ ਏਜੰਸੀਆਂ ਵੱਲੋਂ 22 ਮਈ, 2019 ਤੱਕ 20,000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            