ਕਣਕ ਦੀ ਬੋਲੀ ਨਾ ਹੋਣ ਕਾਰਨ ਕਿਸਾਨਾਂ ਵਲੋਂ ਨਾਅਰੇਬਾਜ਼ੀ

Sunday, Apr 21, 2019 - 03:53 PM (IST)

ਭਵਾਨੀਗੜ੍ਹ (ਅੱਤਰੀ) : ਅੱਜ ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਬੋਲੀ ਨਾ ਹੋਣ ਦੇ ਰੋਸ ਵਿਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ।ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਦੱਸਿਆ ਕਿ ਕਿਸਾਨ ਮੰਡੀ ਵਿਚ ਕਈ ਦਿਨਾਂ ਤੋਂ ਆਪਣੀ ਕਣਕ ਵੇਚਣ ਲਈ ਬੈਠੇ ਹਨ ਪਰ ਖਰੀਦ ਅਧਿਕਾਰੀ ਕਣਕ ਦੀ ਬੋਲੀ ਨਹੀਂ ਲਗਾ ਰਹੇ। ਉਨ੍ਹਾਂ ਕਿਹਾ ਕਿ ਬੋਲੀ ਨਾ ਹੋਣ ਕਾਰਨ ਕਿਸਾਨ ਮੰਡੀ ਵਿਚ ਖੱਜਲ ਖੁਆਰ ਹੋ ਰਹੇ ਹਨ ਅਤੇ ਉਨ੍ਹਾਂ ਦੀ ਕਣਕ ਵੀ ਖਰਾਬ ਹੋ ਰਹੀ ਹੈ। 
ਕਿਸਾਨਾਂ ਨੇ ਦੋਸ਼ ਲਗਾਇਆ ਕਿ ਵੋਟਾਂ ਵੇਲੇ ਹਰੇਕ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਨਾਮ ਵੋਟਾਂ ਵਟੋਰਦੀ ਹੈ ਪਰੰਤੂ ਕਿਸਾਨਾਂ ਦਾ ਦੁੱਖ ਕੋਈ ਨਹੀਂ ਸਮਝਦਾ। ਕਿਸਾਨ ਭੂਰਾ ਸਿੰਘ ਬਟਰਿਆਣਾ, ਗੁਰਮੇਲ ਸਿੰਘ ਭੱਟੀਵਾਲ ਅਤੇ ਜਗਤਾਰ ਸਿੰਘ ਘਨੌੜ ਨੇ ਦੱਸਿਆ ਕਿ ਉਹ ਪਿਛਲੇ 4 ਦਿਨਾਂ ਤੋਂ ਕਣਕ ਲੈ ਕੇ ਮੰਡੀ ਵਿਚ ਬੈਠੇ ਹਨ ਪਰ ਅਜੇ ਤੱਕ ਕਿਸੇ ਖਰੀਦ ਅਧਿਕਾਰੀ ਨੇ ਉਸ ਦੀ ਕਣਕ ਦੀ ਬੋਲੀ ਨਹੀਂ ਲਗਾਈ। ਕਿਸਾਨਾਂ ਨੇ ਕਿਹਾ ਕਿ ਜੇਕਰ ਅੱਜ ਬੋਲੀ ਸ਼ੁਰੂ ਨਾ ਕੀਤੀ ਤਾਂ ਉਹ ਮੁੱਖ ਸੜਕ 'ਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ।


Gurminder Singh

Content Editor

Related News