ਸਾਵਧਾਨ! ਕਣਕ ਦੀ ਫ਼ਸਲ ਦੀ ਆੜ ਹੈਰੋਇਨ ਸਮੱਗਲਿੰਗ ਦੀ ਕੋਸ਼ਿਸ਼ ਕਰ ਰਹੇ ਸਰਹੱਦੀ ਇਲਾਕਿਆਂ ਦੇ ਸਮੱਗਲਰ
Monday, Apr 04, 2022 - 10:58 AM (IST)
ਅੰਮ੍ਰਿਤਸਰ (ਨੀਰਜ)- ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਜ਼ਿਲ੍ਹੇ ’ਚ ਕਣਕ ਦੀ ਫ਼ਸਲ ਦੀ ਖ਼ਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਜੇ ਤੱਕ ਮੰਡੀਆਂ ’ਚ ਕਣਕ ਦੀ ਆਮਦ ਨਹੀਂ ਹੋ ਰਹੀ, ਕਿਉਂਕਿ ਅਜੇ ਤੱਕ ਫ਼ਸਲ ਪੱਕ ਨਹੀਂ ਸਕੀ ਅਤੇ ਕਣਕ ਦੀ ਫ਼ਸਲ ਸਰਹੱਦੀ ਖੇਤਰਾਂ ਸਮੇਤ ਤਾਰਾਂ ਦੇ ਪਾਰ ਵੀ ਖੜ੍ਹੀ ਹੈ। ਇਨੀ ਦਿਨੀਂ ਇਹ ਖੜ੍ਹੀ ਫ਼ਸਲ ਸਰਹੱਦੀ ਖੇਤਰਾਂ ਵਿਚ ਸਮੱਗਲਰਾਂ ਅਤੇ ਪਾਕਿਸਤਾਨੀ ਸਮੱਗਲਰਾਂ ਨੂੰ ਸ਼ਹਿ ਦੇ ਰਹੀ ਹੈ। ਵੱਡੀ ਪੱਧਰ ’ਤੇ ਸਰਹੱਦੀ ਖੇਤਰ ਵਿਚ ਲੁਕੇ ਸਮੱਗਲਰਾਂ ਦੇ ਸਲੀਪਰ ਸੈੱਲ ਹੈਰੋਇਨ ਦੀ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲ ਹੀ ’ਚ ਬੀ. ਐੱਸ. ਐੱਫ. ਵੱਲੋਂ ਅੰਮ੍ਰਿਤਸਰ ਸੈਕਟਰ ’ਚ ਗ੍ਰਿਫ਼ਤਾਰ ਕੀਤੇ ਦੋ ਪਾਕਿਸਤਾਨੀ ਸਮੱਗਲਰਾਂ ਬਿਸਰਤ ਅਤੇ ਬੱਬਰ ਵਾਸੀ ਲਾਹੌਰ ਨੇ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨੀ ਸਮੱਗਲਰ ਵਿੱਕੀ ਲਈ ਕੰਮ ਕਰਦੇ ਸਨ। ਹੁਣ ਤੱਕ ਇਨ੍ਹਾਂ ਪਾਕਿ ਸਮੱਗਲਰਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ’ਚ ਅੰਡਰਗਰਾਊਂਡ ਹੋ ਕੇ ਕੰਮ ਕਰ ਰਹੇ ਉਨ੍ਹਾਂ ਭਾਰਤੀ ਸਮੱਗਲਰ ਦੀ ਸਨਾਖਤ ਨਹੀਂ ਕੀਤੀ ਹੈ, ਜੋ ਦੇਸ਼ ਦੇ ਨਾਲ ਧ੍ਰੋਹ ਕਰ ਰਹੇ ਹਨ। ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਐੱਸ. ਟੀ. ਐੱਫ, ਕਾਊਂਟਰ ਇੰਟੈਲੀਜੈਂਸ ਅਤੇ ਹੋਰ ਏਜੰਸੀਆਂ ਸਮੇਤ ਪੁਲਸ ਅਤੇ ਵਿਸ਼ੇਸ਼ ਬਲਾਂ ਵੱਲੋਂ ਦਿਨ-ਰਾਤ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਿਟੀ ਪੁਲਸ ਦੀ ਛਾਪੇਮਾਰੀ ਨਾਲ ਰਿਟੇਲ ਸਮੱਗਲਰਾਂ ਵਿਚ ਖੌਫ
ਪਿਛਲੇ ਦੋ ਹਫ਼ਤਿਆਂ ਦੌਰਾਨ ਸ਼ਹਿਰ ਦੀ ਪੁਲਸ ਵੱਲੋਂ ਜਿਸ ਤਰੀਕੇ ਨਾਲ ਉਨ੍ਹਾਂ ਬਦਨਾਮ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ, ਜਿੱਥੇ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਪ੍ਰਚੂਨ ਵਿਚ ਵੇਚੇ ਜਾਂਦੇ ਹਨ, ਉਸ ਨਾਲ ਸਮੱਗਲਰਾਂ ਵਿਚ ਭਾਰੀ ਡਰ ਦਾ ਮਾਹੌਲ ਹੈ। ਸੂਤਰਾਂ ਦੀ ਮੰਨੀਏ ਤਾਂ ਸ਼ਹਿਰੀ ਖੇਤਰਾਂ ’ਚ ਨਸ਼ਾ ਵੇਚਣ ਵਾਲੇ ਸਮੱਗਲਰ ਇਨ੍ਹੀਂ ਦਿਨੀਂ ਰੂਪੋਸ਼ ਹੋ ਗਏ ਹਨ ਅਤੇ ਆਪਣਾ ਕਾਲਾ ਧੰਦਾ ਬੰਦ ਕਰ ਕੇ ਬੈਠੇ ਹਨ। ਇਨ੍ਹਾਂ ਰਿਟੇਲ ਸਮੱਗਲਰਾਂ ਦੇ ਨਾਲ-ਨਾਲ ਹੈਰੋਇਨ ਵੇਚਣ ਵਾਲੇ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਦੀ ਲੋੜ ਹੈ। ਇਹ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਹਨ ਅਤੇ ਇਨ੍ਹਾਂ ਸਮੱਗਲਾਂ ਦੇ ਨਾਵਾਂ ਦੀ ਸੂਚੀ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਕੋਲ ਪਹਿਲਾਂ ਤੋਂ ਹੀ ਹੈ।
ਰਾਜਾਤਾਲ ’ਚ ਮਾਰੇ ਗਏ ਸਮੱਗਲਰ ਦੀ ਮੌਤ ਬਣੀ ਰਹੱਸ
ਪਾਕਿਸਤਾਨੀ ਸਮੱਗਲਰਾਂ ਅਤੇ ਘੁਸਪੈਠੀਆਂ ਦੀ ਗੱਲ ਕਰੀਏ ਤਾਂ ਬੀਤੀ 12 ਮਾਰਚ ਨੂੰ ਜ਼ਿਲ੍ਹੇ ਦੇ ਸਭ ਤੋਂ ਸੰਵੇਦਨਸ਼ੀਲ ਬੀ. ਓ. ਪੀ. ਜੀ. ਵਿੱਚੋਂ ਇਕ ਰਾਜਾਤਾਲ ਦੇ ਇਲਾਕੇ ਵਿਚ ਬੀ. ਐੱਸ. ਐੱਫ. ਵੱਲੋਂ ਇਕ ਪਾਕਿ ਸਮੱਗਲਰ ਨੂੰ ਮਾਰ ਦਿੱਤਾ ਗਿਆ ਸੀ। ਉਸ ਦੀ ਮੌਤ ਅਜੇ ਤੱਕ ਰਹੱਸ ਬਣੀ ਹੋਈ ਹੈ, ਕਿਉਂਕਿ ਅਜੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪਤਾ ਨਹੀਂ ਲੱਗਾ ਹੈ ਕਿ ਇਹ ਸਮੱਗਲਰ ਕਿਸ ਇਰਾਦੇ ਨਾਲ ਭਾਰਤੀ ਸਰਹੱਦ ਵੱਲ ਵਧ ਰਿਹਾ ਸੀ ਅਤੇ ਉਹ ਕਿਹੜੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਹਾਲਾਂਕਿ ਉਸ ਕੋਲੋਂ ਅਜਿਹੀ ਕੋਈ ਵੀ ਸੰਵੇਦਨਸ਼ੀਲ ਵਸਤੂ ਨਹੀਂ ਮਿਲੀ ਸੀ।
ਫੈਂਸਿੰਗ ਨੇੜੇ ਘਾਹ ’ਚ ਛੁਪਾਈ ਹੈਰੋਇਨ ਦਾ ਮਾਸਟਰਮਾਈਂਡ ਵੀ ਪਕੜ ’ਚੋਂ ਬਾਹਰ
ਹਾਲ ਹੀ ਵਿਚ ਬੀ. ਓ. ਪੀ. ਦੀ ਸਰਹੱਦੀ ਕੰਡਿਆਲੀ ਤਾਰ ਨੇੜੇ ਰੱਖੀ ਘਾਹ ਦੀ ਬੋਰੀ ਵਿੱਚੋਂ ਬੀ. ਐੱਸ. ਐੱਫ. ਵੱਲੋਂ ਇਕ ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਇਸ ਮਾਮਲੇ ਵਿਚ ਵੀ ਅਜੇ ਤੱਕ ਮਾਸਟਰਮਾਈਂਡ ਸਮੱਗਲਰਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ, ਜਦੋਂ ਕਿ ਇਹ ਗੱਲ ਪਹਿਲਾਂ ਦੱਸੀ ਜਾ ਚੁੱਕੀ ਸੀ। ਇਸ ਹੈਰੋਇਨ ਨੂੰ ਕਿਸੇ ਕਿਸਾਨ ਜਾਂ ਤਸਕਰ ਨੇ ਤਾਰ ਦੇ ਪਾਰ ਖੇਤੀ ਕਰਨ ਵਾਲੇ ਵਿਅਕਤੀ ਨੇ ਛੁਪਾ ਕੇ ਰੱਖਿਆ ਹੋਇਆ ਸੀ। ਬੀ. ਐੱਸ. ਐੱਫ. ਦੀ ਨਜ਼ਰ ਕਾਰਨ ਉਹ ਖੇਪ ਨੂੰ ਬਾਹਰ ਨਾ ਕੱਢ ਸਕਿਆ ਅਤੇ ਖੇਪ ਨੂੰ ਕੰਡਿਆਲੀ ਤਾਰ ਕੋਲ ਪਰਾਗ ਦੀ ਬੋਰੀ ਵਿੱਚ ਛੱਡ ਗਿਆ।
ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਫੜੇ ਜਾ ਸਕਦੇ ਹਨ ਪੰਜਾਬੀ ਲਿੰਕ
ਫੜੇ ਗਏ ਪਾਕਿਸਤਾਨੀ ਸਮੱਗਲਰਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਇਨ੍ਹਾਂ ਨਾਲ ਸਬੰਧ ਰੱਖਣ ਵਾਲੇ ਪੰਜਾਬੀ ਭਾਰਤੀ ਸਮੱਗਲਰਾਂ ਦੀ ਪਛਾਣ ਹੋ ਸਕਦੀ ਹੈ। ਦੇਸ਼ ਨਾਲ ਧੋਖਾ ਕਰਨ ਵਾਲੇ ਇਨ੍ਹਾਂ ਲੋਕਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਨਾ ਤਾਂ ਕਾਂਗਰਸ ਦੀ ਸਰਕਾਰ ਹੈ ਅਤੇ ਨਾ ਹੀ ਅਕਾਲੀਆਂ ਦੀ, ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਕ੍ਰਾਂਤੀਕਾਰੀ ਤਰੀਕੇ ਨਾਲ ਨਸ਼ਿਆਂ ਨੂੰ ਖ਼ਤਮ ਕਰਨ ਦਾ ਐਲਾਨ ਕਰ ਕੇ ਸੱਤਾ ਵਿਚ ਆਈ ਹੈ। ਕੇਸਾਂ ਵਿਚ ਪਾਕਿਸਤਾਨੀ ਸਮੱਗਲਰਾਂ ਜਾਂ ਭਾਰਤੀ ਸਮੱਗਲਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ, ਉਹ ਗ੍ਰਿਫ਼ਤਾਰੀਆਂ ਤੱਕ ਹੀ ਸੀਮਤ ਰਹਿ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਸਮੱਗਲਰਾਂ ਦੇ ਆਕਾ ਨਹੀਂ ਫੜੇ ਗਏ।
ਡਰੋਨ ਦੀ ਆਵਾਜਾਈ ਵੀ ਹੈ ਵੱਡੀ ਸਮੱਸਿਆ
ਸਰਹੱਦੀ ਇਲਾਕਿਆਂ ’ਚ ਡਰੋਨਾਂ ਦੀ ਆਵਾਜਾਈ ਵੀ ਵੱਡੀ ਸਮੱਸਿਆ ਬਣੀ ਹੋਈ ਹੈ, ਕਿਉਂਕਿ ਹੁਣ ਤੱਕ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਨਹੀਂ ਲਗਾਇਆ ਗਿਆ, ਜਿਸ ਕਾਰਨ ਹਰ ਰੋਜ਼ ਸਰਹੱਦ ’ਤੇ ਡਰੋਨਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਸਮੱਗਲਰਾਂ ਦੇ ਨਾਲ-ਨਾਲ ਖੜ੍ਹੀ ਕਣਕ ਦੀ ਫ਼ਸਲ ਨੂੰ ਡਰੋਨ ਵੀ ਘੇਰਾ ਪਾ ਰਹੇ ਹਨ। ਪਾਕਿਸਤਾਨੀ ਡਰੋਨਾਂ ਨੂੰ ਕੰਟਰੋਲ ਕਰਨ ਵਾਲੇ ਸਮੱਗਲਰ ਹੈਰੋਇਨ ਜਾਂ ਹਥਿਆਰਾਂ ਦੀ ਖੇਪ ਅਜਿਹੀ ਜਗ੍ਹਾ ’ਤੇ ਸੁੱਟਣ ਦੀ ਕੋਸ਼ਿਸ਼ ਕਰਦੇ ਹਨ, ਜਿੱਥੇ ਸਰਚ ਆਪਰੇਸ਼ਨ ਦੌਰਾਨ ਸੁੱਟੀ ਗਈ ਖੇਪ ਖੜ੍ਹੀ ਫ਼ਸਲ ’ਚ ਨਜ਼ਰ ਨਹੀਂ ਆਉਂਦੀ।
ਨਾਮੀ ਸਮੱਗਲਰ ਚਲਾ ਰਹੇ ਹਨ ਜੇਲ੍ਹਾਂ ਅੰਦਰੋਂ ਨੈੱਟਵਰਕ
ਜੇਲ੍ਹਾਂ ਅੰਦਰੋਂ ਵੱਡੇ ਸਮੱਗਲਰਾਂ ਦੇ ਫ਼ੋਨ ਬਰਾਮਦ ਹੋ ਰਹੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਜੇਲ੍ਹਾਂ ਵਿਚ ਬੰਦ ਵੱਡੇ ਤੇ ਨਾਮੀ ਸਮੱਗਲਰ ਅੰਦਰੋਂ ਆਪਣਾ ਨੈੱਟਵਰਕ ਚਲਾ ਰਹੇ ਹਨ। ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਲ੍ਹਾਂ ਵਿਚ ਜੈਮਰ ਲਗਾਏ ਜਾਣ ਤਾਂ ਜੋ ਸਮੱਗਲਰਾਂ ਕੋਲ ਮੋਬਾਈਲ ਫੋਨ ਆ ਜਾਣ ਤਾਂ ਵੀ ਉਸ ਦੀ ਵਰਤੋਂ ਨਾ ਕੀਤੀ ਜਾ ਸਕੇ ਪਰ ਸੋਚੀ ਸਮਝੀ ਸਾਜ਼ਿਸ਼ ਤਹਿਤ ਅਜਿਹਾ ਨਹੀਂ ਕੀਤਾ ਜਾ ਰਿਹਾ।