ਪੜ੍ਹਨ ਵਾਲੀ ਉਮਰੇ ਖਤਰਨਾਕ ਕਰਤੱਬ ਦਿਖਾਉਣ ਲਈ ਮਜਬੂਰ ਹੈ ਪ੍ਰਵਾਸੀ ਬਾਲੜੀ

Monday, Jan 15, 2018 - 08:03 AM (IST)

ਸ੍ਰੀ ਮੁਕਤਸਰ ਸਾਹਿਬ  (ਪਵਨ, ਸੁਖਪਾਲ ਢਿੱਲੋਂ) - ਮਾਘੀ ਮੇਲੇ ਦੇ ਪਵਿੱਤਰ ਦਿਹਾੜੇ 'ਤੇ ਜਿੱਥੇ ਦੂਰ-ਦੁਰਾਡਿਓਂ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ, ਉੱਥੇ ਹੀ ਪੇਟ ਭਰਨ ਦੀ ਖਾਤਰ ਦੂਸਰੇ ਸੂਬਿਆਂ 'ਚ ਦੁਕਾਨਾਂ ਲਾਉਣ ਵਾਲੇ ਵੀ ਇਸ ਮੇਲੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇੰਨਾ ਹੀ ਨਹੀਂ, ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਕਈ ਲੋਕ ਤਾਂ ਮੌਤ ਨੂੰ ਵੀ ਮਜ਼ਾਕ ਸਮਝਦੇ ਹਨ, ਜੋ ਕਿ ਲੋਕਾਂ ਲਈ ਸਿਰਫ ਇਕ ਤਮਾਸ਼ਾ ਹੀ ਹੁੰਦਾ ਹੈ। ਇਹ ਸਭ ਕੁਝ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਦੇਖ ਰਹੀਆਂ ਹੁੰਦੀਆਂ ਹਨ। ਇਕ ਅਜਿਹੀ ਹੀ ਦਿਲ ਕੰਬਾਊ ਕਰਤੱਵ ਦਿਖਾਉਂਦੀ ਹੈ, 6-7 ਸਾਲਾਂ ਦੀ ਮਾਸੂਮ ਬੱਚੀ। ਬਿਲਾਸਪੁਰ ਵਾਸੀ ਪੂਜਾ, ਜੋ ਕਿ ਰੱਸੇ 'ਤੇ ਸੰਤੁਲਨ ਬਣਾ ਕੇ ਗੀਤਾਂ ਦੀ ਧੁੰਨ 'ਤੇ ਨੱਚ-ਟੱਪ ਕੇ ਲੋਕਾਂ ਦਾ ਮਨੋਰੰਜਨ ਕਰਦੀ ਹੈ। ਜਿੱਥੇ ਪੈ ਰਹੀ ਕੜਾਕੇ ਦੀ ਸਰਦੀ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਬੈਠਣ ਲਈ ਮਜਬੂਰ ਕੀਤਾ ਹੋਇਆ ਹੈ, ਉੱਥੇ ਹੀ ਇਹ ਨੰਨ੍ਹੀ ਜਿਹੀ ਬਾਲੜੀ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਰੱਸੇ ਉੱਪਰ ਨੰਗੇ ਪੈਰ ਚੱਲ ਕੇ ਡਾਂਸ ਕਰਦੀ ਹੋਈ ਰੋਜ਼ੀ-ਰੋਟੀ ਦਾ ਜੁਗਾੜ ਕਰ ਰਹੀ ਹੈ। ਭਾਵੇਂ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਗਰੀਬ ਪਰਿਵਾਰਾਂ ਤੇ ਖਾਸ ਕਰ ਕੇ ਲੜਕੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਰੋੜਾਂ ਰੁਪਏ ਖਰਚਣ ਦੇ ਦਮਗੱਜੇ ਮਾਰੇ ਜਾ ਰਹੇ ਹਨ ਪਰ ਅਜਿਹਾ ਨਜ਼ਾਰਾ ਦੇਖ ਕੇ ਤਾਂ ਸ਼ਾਇਦ ਇਹ ਸਭ ਕੁਝ ਕਾਗਜ਼ੀ ਗੱਲਾਂ ਹੀ ਜਾਪਦੀਆਂ ਹਨ।


Related News