ਪੱਛਮੀ ਬੰਗਾਲ ਦੀ ਪੁਲਸ ਦਾ ਲੁਧਿਆਣਾ ’ਚ ਛਾਪਾ: ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

03/20/2024 9:19:43 AM

ਲੁਧਿਆਣਾ (ਜ. ਬ.)- ਏ. ਟੀ. ਐੱਮ. ’ਚੋਂ ਪੈਸੇ ਕੱਢ ਕੇ ਬੈਂਕਾਂ ਨਾਲ ਲੱਖਾਂ ਰੁਪਏ ਦਾ ਫ੍ਰਾਡ ਕਰਨ ਵਾਲੇ ਮੁਲਜ਼ਮ ਨੂੰ ਫੜਨ ਲਈ ਪੱਛਮੀ ਬੰਗਾਲ ਦੀ ਪੁਲਸ ਨੇ ਲੁਧਿਆਣਾ ’ਚ ਛਾਪਾ ਮਾਰਿਆ। ਪੁਲਸ ਨੇ ਥਾਣਾ ਹੈਬੋਵਾਲ ਅਧੀਨ ਆਉਂਦੇ ਚੰਦਰ ਨਗਰ ’ਚ ਛਾਪੇਮਾਰੀ ਕਰ ਕੇ ਜੋਨੀ ਗੋਇਲ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੱਛਮੀ ਬੰਗਾਲ ਦੀ ਪੁਲਸ ਟੀਮ ਨਾਲ ਸਾਈਬਰ ਸੈੱਲ ਲੁਧਿਆਣਾ ਦੇ ਨਾਲ ਚੌਕੀ ਜਗਤਪੁਰੀ ਦੀ ਪੁਲਸ ਵੀ ਸ਼ਾਮਲ ਰਹੀ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ ਪੁਲਸ ਦਾ ਐਕਸ਼ਨ, ਅਫ਼ਸਰਾਂ ਸਣੇ 250 ਮੁਲਾਜ਼ਮਾਂ ਨੇ ਕੀਤੀ ਰੇਡ (ਵੀਡੀਓ)

ਜਾਣਕਾਰੀ ਮੁਤਾਬਕ ਜੋਨੀ ਗੋਇਲ ਖ਼ਿਲਾਫ਼ ਪਹਿਲਾਂ ਵੀ ਏ. ਟੀ. ਐੱਮ. ਮਸ਼ੀਨ ਰਾਹੀਂ ਫ੍ਰਾਡ ਕਰਨ ਦੇ ਕੇਸ ਦਰਜ ਹਨ। ਸਾਲ 2017 ’ਚ ਤਤਕਾਲੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਦੀ ਅਗਵਾਈ ’ਚ ਬਣੀ ਟੀਮ ਨੇ ਜੋਨੀ ਗੋਇਲ ਨਾਲ ਕੁਝ ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਸੀ। ਉਸ ਸਮੇਂ ਪਤਾ ਲੱਗਾ ਸੀ ਕਿ ਇਹ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਂ ’ਤੇ ਵੱਖ-ਵੱਖ ਬੈਂਕਾਂ ’ਚ ਖਾਤੇ ਖੋਲ੍ਹਦੇ ਸਨ ਅਤੇ ਖਾਤਿਆਂ ’ਚ ਨਕਦੀ ਜਮ੍ਹਾ ਕਰਦੇ ਸਨ। ਇਕ ਵਾਰ ਡੈਬਿਟ ਕਾਰਡ ਮਿਲ ਜਾਣ ਤੋਂ ਬਾਅਦ ਉਹ ਏ. ਟੀ. ਐੱਮ. ਨਾਲ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਨਕਦੀ ਕਢਵਾਉਂਦੇ ਸਨ।

ਏ. ਟੀ. ਐੱਮ. ਮਸ਼ੀਨ ’ਚੋਂ ਪੈਸੇ ਨਿਕਲਣ ਤੋਂ ਤੁਰੰਤ ਬਾਅਦ ਮੁਲਜ਼ਮ ਮਸ਼ੀਨ ਬੰਦ ਕਰ ਦਿੰਦੇ ਸਨ। ਕੱਢੀ ਗਈ ਨਕਦੀ ਬੈਂਕ ਦੇ ਰਿਕਾਰਡ ’ਚ ਨਹੀਂ ਆਈ। ਇਸ ਤੋਂ ਬਾਅਦ ਮੁਲਜ਼ਮ ਅਸਫਲ ਲੈਣ ਦੇਣ ਬਾਰੇ ਬੈਂਕ ਨੂੰ ਸ਼ਿਕਾਇਤ ਕਰਦੇ ਸਨ ਅਤੇ ਬੈਂਕ ਖਾਤੇ ’ਚ ਨਕਦੀ ਜਮ੍ਹਾ ਕਰ ਦਿੰਦੇ ਸਨ। ਅਜਿਹਾ ਕਰ ਕੇ ਮੁਲਜ਼ਮਾਂ ਨੇ ਲੱਖਾਂ ਦਾ ਫ੍ਰਾਡ ਕੀਤਾ ਸੀ।

ਹੁਣ ਵੀ ਪਤਾ ਲੱਗਾ ਹੈ ਕਿ ਜੋਨੀ ਗੋਇਲ ਆਪਣੇ ਹੋਰਨਾਂ ਸਾਥੀਆਂ ਨਾਲ ਪੱਛਮੀ ਬੰਗਾਲ ’ਚ ਏ. ਟੀ. ਐੱਮ. ਦੇ ਜ਼ਰੀਏ ਬੈਂਕਾਂ ਨਾਲ ਫ੍ਰਾਡ ਕਰਦਾ ਸੀ। ਪੱਛਮੀ ਬੰਗਾਲ ’ਚ ਉਸ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 379 ਤਹਿਤ ਪਰਚਾ ਦਰਜ ਹੋਇਆ ਸੀ, ਜਿਸ ਤੋਂ ਬਾਅਦ ਪੱਛਮੀ ਬੰਗਾਲ ਦੇ ਸਾਈਬਰ ਸੈੱਲ ਦੀ ਪੁਲਸ ਨੇ ਮੁਲਜ਼ਮ ਜੋਨੀ ਗੋਇਲ ਨੂੰ ਫੜਨ ਲਈ ਲੁਧਿਆਣਾ ਦੀ ਸਾਈਬਰ ਸੈੱਲ ਦੀ ਟੀਮ ਨਾਲ ਸੰਪਰਕ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਪੋਤਰਾ ਪੰਜਾਬ ਤੋਂ ਲੜੇਗਾ ਚੋਣ, ਇਸ ਸੀਟ ਤੋਂ ਉਤਰੇਗਾ ਮੈਦਾਨ 'ਚ

ਇਸ ਤੋਂ ਬਾਅਦ ਉਸ ਸਬੰਧੀ ਪੂਰੀ ਜਾਣਕਾਰੀ ਲੈ ਕੇ ਫਿਰ ਮੰਗਲਵਾਰ ਦੀ ਸ਼ਾਮ ਨੂੰ ਇੰਸ. ਜਤਿੰਦਰ ਸਿੰਘ ਦੀ ਅਗਵਾਈ ’ਚ ਸਾਈਬਰ ਸੈੱਲ ਦੀ ਟੀਮ ਅਤੇ ਚੌਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਉਨ੍ਹਾਂ ਦੀ ਟੀਮ ਨਾਲ ਪੱਛਮੀ ਬੰਗਾਲ ਦੀ ਪੁਲਸ ਨੇ ਮੁਲਜ਼ਮ ਜੋਨੀ ਦੇ ਘਰ ਛਾਪੇਮਾਰੀ ਕਰ ਕੇ ਉਸ ਨੂੰ ਦਬੋਚ ਲਿਆ। ਹਾਲਾਂਕਿ ਇਸ ਦੌਰਾਨ ਉਸ ਦੇ ਪਰਿਵਾਰ ਵਾਲਿਆਂ ਨੇ ਕਾਫੀ ਹੰਗਾਮਾ ਵੀ ਕੀਤਾ ਪਰ ਪੁਲਸ ਉਸ ਨੂੰ ਫੜ ਕੇ ਲੈ ਗਈ। ਹੁਣ ਉਸ ਨੂੰ ਪੱਛਮੀ ਬੰਗਾਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਕਿ ਉਸ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਸਕੇ ਅਤੇ ਉਸ ਦੇ ਬਾਕੀ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Anmol Tagra

Content Editor

Related News