ਵੀਕੈਂਡ ਲਾਕਡਾਊਨ : ਜ਼ੀਰਕਪੁਰ ਦੇ ਬਜ਼ਾਰਾਂ ''ਚ ਛਾਇਆ ਸੰਨਾਟਾ, ਖੁੱਲ੍ਹੇ ਰਹੇ ਵੱਡੇ ਸਟੋਰ

Saturday, Aug 22, 2020 - 12:59 PM (IST)

ਵੀਕੈਂਡ ਲਾਕਡਾਊਨ : ਜ਼ੀਰਕਪੁਰ ਦੇ ਬਜ਼ਾਰਾਂ ''ਚ ਛਾਇਆ ਸੰਨਾਟਾ, ਖੁੱਲ੍ਹੇ ਰਹੇ ਵੱਡੇ ਸਟੋਰ

ਜ਼ੀਰਕਪੁਰ (ਮੇਸ਼ੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਆਂ ਹਦਾਇਤਾਂ ਤਹਿਤ ਤਾਲਾਬੰਦੀ ਲਾਗੂ ਕਰਨ ਮਗਰੋਂ ਸ਼ਨੀਵਾਰ ਨੂੰ ਜ਼ੀਰਕਪੁਰ ਦੇ ਸਮੂਹ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹਿਣ ਕਾਰਨ ਰੌਣਕ ਬਹੁਤ ਘੱਟ ਰਹੀ ਅਤੇ ਸੜਕਾਂ ਦੀ ਆਵਾਜਾਈ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ, ਜਦੋਂ ਕਿ ਪਿੰਡਾਂ 'ਚ ਦੁਕਾਨਾਂ ਖੁੱਲੀਆਂ ਰਹੀਆ।

ਜਿੱਥੇ ਜ਼ੀਰਕਪੁਰ ਦੀਆਂ ਛੋਟੀਆਂ ਦੁਕਾਨਾਂ ਬੰਦ ਰਹੀਆਂ, ਉੱਥੇ ਵੱਡੇ ਸਟੋਰ ਡੀ-ਮਾਰਟ, ਵਾਲਮਾਰਟ ਅਤੇ ਮੈਟਰੋ ਆਦਿ ਖੁੱਲ੍ਹੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ਾਮ ਸਾਢੇ 6 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਕਾਰਨ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਬੰਦ ਰੱਖਣ ਕਾਰਨ ਰੋਸ ਪਾਇਆ ਗਿਆ ਕਿਉਂਕਿ ਵਾਲਮਾਰਟ 'ਚ ਜਿਵੇਂ ਬਰਤਨ, ਇਲੈਕਟ੍ਰਾਨਿਕਸ, ਇਲੈਕਟ੍ਰੀਕਲ ਅਤੇ ਹੋਰ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ।

ਜੇਕਰ ਛੋਟੀਆਂ ਦੁਕਾਨਾਂ ਬੰਦ ਹੁੰਦੀਆਂ ਹਨ ਤਾਂ ਲੋਕ ਆਪਣੀ ਲੋੜ ਦਾ ਸਾਰਾ ਸਮਾਨ ਇਨ੍ਹਾਂ ਵੱਡੇ ਸਟੋਰਾਂ ਤੋਂ ਖਰੀਦ ਲੈਂਦੇ ਹਨ, ਜਿਸ ਦਾ ਵੱਡਾ ਘਾਟਾ ਛੋਟੇ ਦੁਕਾਨਦਾਰਾਂ ਨੂੰ ਗਾਹਕ ਖਰਾਬ ਹੋਣ ਕਾਰਨ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਕੋਰੋਨਾ ਕਰਕੇ ਉਨ੍ਹਾਂ ਦੀ ਦੁਕਾਨਦਾਰੀ ਅੱਧੀ ਰਹਿ ਗਈ ਹੈ, ਦੂਜੇ ਪਾਸੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਛੋਟੇ ਦੁਕਾਨਦਾਰ ਆਪਣੀਆਂ ਦੁਕਾਨਾਂ ਨਹੀ ਖੋਲ੍ਹ ਸਕਦੇ ਅਤੇ ਸਰਕਾਰ ਵੱਡੇ ਸਟੋਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਕੇ ਉਨ੍ਹਾਂ ਨੂੰ ਵੱਡਾ ਫਾਇਦਾ ਪਹੁੰਚਾ ਰਹੀ ਹੈ।

ਉਨ੍ਹਾਂ ਸਰਕਾਰ ਖਿਲਾਫ ਗੁੱਸਾ ਵਿਖਾਉਂਦਿਆਂ ਕਿਹਾ ਕਿ ਕੀ ਵੱਡੇ ਸਟੋਰਾਂ 'ਚ ਕੋਰੋਨਾ ਨਹੀ ਪਹੁੰਚਦਾ, ਉੱਥੇ ਤਾਂ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਲੋਕ ਖਰੀਦਦਾਰੀ ਕਰਨ ਸਮੇਂ ਇੱਕਠੇ ਹੁੰਦੇ ਹਨ, ਜਦੋਂ ਕਿ ਛੋਟੀਆਂ ਦੁਕਾਨਾਂ 'ਚ ਕੋਰੋਨਾ ਨਾਲ ਨਜਿੱਠਣ ਦੇ ਪ੍ਰਬੰਧ ਵੀ ਕੀਤੇ ਗਏ ਹਨ ਪਰ ਉਨ੍ਹਾਂ ਨੂੰ ਦੁਕਾਨਾਂ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੁਕਾਨਾਂ ਬੰਦ ਕਰਨ 'ਚ ਇਤਰਾਜ਼ ਨਹੀ, ਉਹ ਵੀ ਕੋਰੋਨਾ ਦੀ ਇਸ ਜੰਗ 'ਚ ਸਰਕਾਰ ਦੇ ਨਾਲ ਖੜ੍ਹੇ ਹਨ।

ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਵੱਡੇ ਸਟੋਰਾਂ ਨੂੰ ਵੀ ਬੰਦ ਕਰਵਾਏ ਤਾਂ ਕਿ ਲੋੜਵੰਦ ਵਿਅਕਤੀ ਜੇਕਰ ਛੁੱਟੀ ਵਾਲੇ ਦਿਨ ਸਮਾਨ ਨਾ ਖਰੀਦ ਸਕੇ ਅਤੇ ਅਗਲੇ ਦਿਨ ਉਨ੍ਹਾਂ ਦੀ ਦੁਕਾਨ 'ਤੇ ਹੀ ਆਵੇ ਨਾਂ ਕਿ ਉਹ ਵੱਡੇ ਸਟੋਰਾਂ ਵੱਲ ਰੁੱਖ ਕਰੇ।


author

Babita

Content Editor

Related News