ਜਦੋਂ ਵਿਆਹ ਵਾਲੇ ਘਰ ਮੰਜੇ ਜੋੜ ਕੇ ਕੋਠੇ ''ਤੇ ਸਪੀਕਰ ਲਾਏ ਜਾਂਦੇ ਸਨ

Thursday, Mar 11, 2021 - 03:19 PM (IST)

ਜਦੋਂ ਵਿਆਹ ਵਾਲੇ ਘਰ ਮੰਜੇ ਜੋੜ ਕੇ ਕੋਠੇ ''ਤੇ ਸਪੀਕਰ ਲਾਏ ਜਾਂਦੇ ਸਨ

ਵੀਰ ਸਿੰਘ ਵੀਰਾ 
ਅੱਜ ਤੋਂ ਕੋਈ ਚਾਰ ਕੁ ਦਹਾਕੇ ਪਹਿਲਾਂ ਵਾਲੇ ਵੇਲਿਆਂ ਦੀ ਜੇ ਗੱਲ ਕਰੀਏ ਤਾਂ ਸਾਰਾ ਕੁਝ ਅੱਖਾਂ ਸਾਹਮਣੇ ਇੰਝ ਘੁੰਮਣ ਲੱਗ ਜਾਂਦਾ ਹੈ ਜਿਵੇਂ ਅਜੇ ਕੱਲ੍ਹ ਦੀਆਂ ਗੱਲਾਂ ਹੋਣ, ਨਾ ਉਹ ਦਿਨ ਰਹੇ ,ਨਾ ਉਹ ਲੋਕ ਰਹੇ ਤੇ ਨਾ ਹੀ ਉਹ ਪਿਆਰ ਰਿਹਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੇਰੇ ਮਾਮਾ ਜੀ ਦਾ ਵਿਆਹ ਸੀ। ਮੇਰੇ ਨਾਨਾ ਜੀ ਸਾਨੂੰ ਖ਼ੁਦ ਵਿਆਹ ਆਖਣ ਵਾਸਤੇ ਸਾਡੇ ਘਰੇ ਆਏ ਸਨ। ਮੈਂ ਜਦੋਂ ਸਕਲੋਂ ਛੁੱਟੀ ਹੋਣ 'ਤੇ ਘਰੇ ਗਿਆ ਤੇ ਨਾਨਾ ਜੀ ਨੂੰ ਜਦੋਂ ਵੇਖਿਆ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਮੈ ਜਾਣ ਗਿਆ ਸੀ ਕਿ ਨਾਨਾ ਜੀ ਵਿਆਹ ਈ ਆਖਣ ਆਏ ਨੇ। ਜਦ ਕਿ ਅਕਸਰ ਹੀ ਮੰਮੀ ਜੀ ਮਾਮੇ ਦੇ ਵਿਆਹ ਬਾਰੇ ਗੱਲਾਂ ਕਰਦੇ ਰਹਿੰਦੇ ਸਨ। ਮੈਂ ਜਦੋਂ ਵਿਆਹ ਬਾਰੇ ਸੁਣਿਆ ਤਾਂ ਮੈਨੂੰ ਬਹੁਤ ਜ਼ਿਆਦਾ ਚਾਅ ਚੜ੍ਹ ਗਿਆ। ਵਿਆਹ ਦੇ ਦਿਨ ਜਿਉਂ ਜਿਉਂ ਨੇੜੇ ਆਉਂਦੇ ਗਏ, ਮੇਰੀ ਉਤਸੁਕਤਾ ਹੋਰ ਵੱਧਦੀ ਗਈ। ਮੇਰੀ ਮੰਮੀ ਜੀ ਨੇ ਡੈਡੀ ਜੀ ਨੂੰ ਕਿਹਾ, ਅਸੀਂ ਚਾਰ ਪੰਜ ਦਿਨ ਪਹਿਲਾਂ ਜਾਵਾਂਗੇ, ਤਾਂ ਡੈਡੀ ਜੀ ਨੇ ਕਿਹਾ- ਠੀਕ ਹੈ ਤੁਸੀਂ ਤਿਆਰ ਹੋ ਜਾਉ, ਮੈਂ ਤੁਹਾਨੂੰ ਛੱਡ ਆਉਂਦਾ ਹਾਂ। ਅਸੀਂ ਚਾਈਂ-ਚਾਈਂ ਤਿਆਰ ਹੋਏ ਤੇ ਸ਼ਾਮ ਨੂੰ ਨਾਨਕੇ ਘਰੇ ਚਲੇ ਗਏ , ਸਾਰਿਆਂ ਨੂੰ ਮਿਲੇ, ਆਂਢੀ-ਗੁਆਂਢੀ ਵੀ ਬੜੇ ਪਿਆਰ ਨਾਲ ਆ ਕੇ ਸਾਨੂੰ ਮਿਲੇ,ਚਾਹ ਪਾਣੀ ਪੀਤਾ ਤੇ ਮੇਰੇ ਮਾਮੇ ਨੇ ਮੇਰੇ ਡੈਡੀ ਨੂੰ ਕਿਹਾ, ਭਾਈਆ ਜੀ ਆਉ ਮੇਰੇ ਨਾਲ ਚੱਲੋ, ਗੱਡਾ ਜੋੜ ਕੇ ਆਪਾਂ ਲੈਕੇ ਜਾਣਾ ਏ। ਭਾਊ(ਪਿਤਾ )ਅਰੀ ਨਹਿਰ ਦੇ ਨਾਲੋਂ ਸੁੱਕਾ ਬਾਲਣ ਵੱਢ ਰਹੇ ਨੇ, ਆਪਾਂ ਗੱਡੇ 'ਤੇ ਲੱਦ ਕੇ ਲਿਆਉਣਾ ਏਂ। ਮੇਰੇ ਡੈਡੀ ਨੇ ਮੈਨੂੰ ਕਿਹਾ, ਚੰਗਾ ਪੁੱਤ ਅਸੀਂ ਬਾਲਣ ਲੱਦ ਲਿਆਈਏ ਤੇ ਤੂੰ ਖੇਡ।ਮੈਂ ਕਿਹਾ ਡੈਡੀ ਜੀ ਮੈਂ ਵੀ ਗੱਡੇ 'ਤੇ ਝੂਟਾ ਲੈਣਾ ਏਂ। ਮੇਰੇ ਲਈ ਗੱਡੇ ਤੇ ਝੂਟਾ ਲੈਣਾ ਬੜੇ ਮਾਣ ਵਾਲੀ ਗੱਲ ਸੀ।

ਮੇਰੇ ਡੈਡੀ ਨੇ ਮੈਨੂੰ ਝਿੜਕ ਕੇ ਕਿਹਾ, ਨਾ ਪੁੱਤ ਤੂੰ ਘਰੇ ਰਹਿ। ਮੈਂ ਰੋਣ ਲੱਗ ਪਿਆ, ਫਿਰ ਮਾਮਾ ਜੀ ਨੇ ਮੇਰੀ ਸਿਫਾਰਸ਼ ਕੀਤੀ, ਚੱਲ ਕੋਈ ਨਹੀਂ ਜਾਣ ਦੇ ਨਾਲ, ਆਪੇ ਭਾਊ ਨਾਲ ਤੁਰ ਕੇ ਆ ਜਾਊਗਾ। ਮਾਮਾ ਜੀ ਨੇ ਕਿੱਲਿਆਂ ਨਾਲੋਂ ਵਾਰੀ-ਵਾਰੀ ਦੋਵੇਂ ਬਲਦ ਖੋਲ੍ਹੇ ਜਿਨ੍ਹਾਂ ਦੇ ਗਲਾਂ ਵਿੱਚ ਬੜੇ ਵਧੀਆ ਘੁੰਗਰੂ ਛਣਕ ਰਹੇ ਸਨ। ਮੈਂ ਗੱਡੇ ਦੇ ਉੱਤੇ ਬੋਰੀ 'ਤੇ ਬੈਠ ਗਿਆ ਤੇ ਗੱਡੇ ਦੇ ਅੱਗੇ ਜੋੜੇ ਹੋਏ ਉੱਚੇ ਲੰਮੇ ਬਲਦ ਹੌਲੀ-ਹੌਲੀ ਤੁਰਦੇ ਜਾ ਰਹੇ ਸਨ। ਮੇਰੇ ਕੰਨਾਂ ਵਿੱਚ ਪੈਂਦੀ ਬਲਦਾਂ ਦੇ ਘੁੰਗਰੂਆਂ ਦੀ ਆਵਾਜ਼ ਮੈਨੂੰ ਮੰਤਰ ਮੁਗਧ ਕਰ ਰਹੀ ਸੀ। ਹੌਲੀ-ਹੌਲੀ ਅਸੀਂ ਪਿੰਡੋਂ ਕਾਫ਼ੀ ਦੂਰ ਜਾ ਚੁੱਕੇ ਸਾਂ। ਥੋੜ੍ਹਾ ਹੋਰ ਅੱਗੇ ਜਾਣ 'ਤੇ ਵੇਖਿਆ ਕਿ ਵੇਲਣੇ ਤੇ ਕੁੱਝ ਲੋਕ ਗੁੜ ਕੱਢ ਰਹੇ ਸਨ। ਬੜੀ ਵਧੀਆ ਗਰਮ ਗੁੜ ਦੀ ਵਾਸ਼ਨਾ ਆ ਰਹੀ ਸੀ, ਮੈਥੋਂ ਰਿਹਾ ਨਾ ਗਿਆ । ਮੇਰਾ ਗਰਮਾ-ਗਰਮ ਗੁੜ ਖਾਣ ਨੂੰ ਜੀਅ ਕਰ ਰਿਹਾ ਸੀ।ਮੈਂ ਜਿਉਂ ਹੀਂ ਚਾਰ ਚੁਫੇਰੇ ਵੇਖਿਆ ਤਾਂ ਮੈਨੂੰ ਵੇਖ ਕੇ ਮਾਮਾ ਜੀ ਨੇ ਕਿਹਾ, ਭਾਣਜਿਆ, ਗੁੜ ਖਾਂਏਂਗਾ ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ।ਮੇਰੇ ਡੈਡੀ ਜੀ ਨੇ ਮੈਨੂੰ ਫੜ੍ਹ ਕੇ ਗੱਡੇ 'ਤੋਂ ਥੱਲੇ ਲਾਹਿਆ, ਅਸੀਂ ਤਿੰਨੇ ਜਣੇ ਵੇਲਣੇ 'ਤੇ ਚਲੇ ਗਏ, ਸਾਡੇ ਜਾਂਦਿਆਂ ਹੀ ਵੇਲਣੇ ਵਾਲਿਆਂ ਨੇ ਕੜਾਹੇ 'ਚੋਂ ਬਣਿਆ ਗੁੜ ਲੱਕੜ ਦੇ ਗੰਡ ਵਿੱਚ ਅਜੇ ਪਾਇਆ ਈ ਸੀ। ਥੋੜ੍ਹਾ ਠੰਡਾ ਹੋਣ 'ਤੇ ਵੇਲਣੇ ਵਾਲੇ ਨੇ ਮੇਰੇ ਮਾਮੇ ਨੂੰ ਕਿਹਾ, ਪਾ ਕੇ ਦੇਹ ਸ਼ੀਰਿਆ ਗੁੜ ਕਾਕੇ ਨੂੰ। ਛੇਤੀ ਨਾਲ ਮਾਮੇ ਨੇ ਲਸੂੜੇ ਦਾ ਪੱਤਾ ਤੋੜਿਆ ਤੇ ਵਾਹਵਾ ਸਾਰਾ ਗਰਮ ਗੁੜ ਖਾਣ ਨੂੰ ਪਾ ਕੇ ਦੇ ਦਿੱਤਾ। ਮੈਂ ਉਂਗਲੀ ਨਾਲ ਗੁੜ ਖਾਂਦਾ ਹੋਇਆ ਪਿੱਛੇ-ਪਿੱਛੇ ਤੁਰ ਪਿਆ। ਅਗਾਂਹ ਜਾਕੇ ਮੈਨੂੰ ਖੂਹ 'ਤੇ ਛੱਡ ਕੇ ਆਪ ਬਾਲਣ ਲੱਦਣ ਲਈ ਚਲੇ ਗਏ। ਖੂਹ ਦੀਆਂ ਘੁੰਮਦੀਆਂ ਹੋਈਆਂ ਟਿੰਡਾਂ ਥੱਲਿਓਂ ਖੂਹ ਵਿੱਚੋਂ ਪਾਣੀ ਲੈਕੇ ਉੱਪਰ ਨੂੰ ਆ ਰਹੀਆਂ ਸਨ ਤੇ ਪਾੜਛੇ ਵਿੱਚ ਪਾਣੀ ਡੋਲ੍ਹ ਕੇ ਫਿਰ ਥੱਲੇ ਨੂੰ ਜਾ ਰਹੀਆਂ ਸਨ। ਮੈਂ ਕਿੰਨ੍ਹਾ  ਹੀ ਚਿਰ ਆਉਂਦੀਆਂ-ਜਾਂਦੀਆਂ ਟਿੰਡਾਂ ਨੂੰ ਵੇਖਦਾ ਰਿਹਾ। ਬਲਦਾਂ ਦੀਆਂ ਅੱਖਾਂ 'ਤੇ ਪੱਟੀਆਂ ਬੱਧੀਆਂ ਹੋਈਆਂ ਸਨ। ਉਹ ਆਪਣੀ ਚਾਲੇ ਤੁਰਦੇ ਜਾ ਰਹੇ ਸਨ ।


ਐਨੇ ਚਿਰ ਨੂੰ ਮੇਰੇ ਨਾਨਾ ਜੀ ਵੀ ਆ ਗਏ। ਨਾਨਾ ਜੀ ਨੇ ਮੈਨੂੰ ਚੁੱਕ ਕੇ ਗਾੜ੍ਹੀ 'ਤੇ ਬਿਠਾ ਦਿੱਤਾ, ਮੈਂ ਕਾਫ਼ੀ ਚਿਰ ਝੂਟੇ ਲੈਂਦਾ ਰਿਹਾ।ਜਦੋਂ ਹਨੇਰਾ ਹੋਣਾ ਸ਼ੁਰੂ ਹੋ ਗਿਆ ਤਾਂ ਨਾਨਾ ਜੀ ਨੇ ਬਲਦ ਛੱਡ ਦਿੱਤੇ ਤੇ ਅਸੀਂ ਦੋਵੇਂ ਨਾਨਾ ਦੋਹਤਾ ਘਰੇ ਆ ਗਏ। ਅਜੇ ਰੋਟੀ ਟੁੱਕ ਖਾ ਕੇ ਬੈਠੇ ਹੀ ਸੀ ਕਿ ਬਹੁਤ ਸਾਰੀਆਂ ਆਂਢ ਗਆਂਢ ਤੋਂ ਬੀਬੀਆਂ 'ਕੱਠੀਆਂ ਹੋ ਕੇ ਰਾਤ ਨੂੰ  ਘੋੜੀਆਂ ਗਾਉਣ ਵਾਸਤੇ ਆ ਗਈਆਂ। ਉਹ ਸਾਰੀਆਂ ਜਣੀਆਂ ਹੱਸਦੀਆਂ-ਖੇਡਦੀਆਂ ਹੋਈਆਂ ਘੋੜੀਆਂ ਗਾਉਣ ਲੱਗੀਆਂ। ਉਹਨੂੰ ਦੀ ਮਿੱਠੀ ਤੇ ਸੁਰੀਲੀ ਆਵਾਜ਼ ਮੇਰੇ ਕੰਨਾਂ ਵਿੱਚ ਰਸ ਘੋਲ ਰਹੀ ਸੀ। ਸੱਚ ਪੁੱਛੋ ਤਾਂ ਉਹ ਐਨਾ ਸੋਹਣਾ ਤੇ ਮਿੱਠੇ ਰਾਗ ਵਿੱਚ ਗਾ ਰਹੀਆਂ ਸਨ ਕਿ ਮੈਨੂੰ ਧੱਕੇ ਨਾਲ ਨੀਂਦ ਆ ਰਹੀ ਸੀ। ਆਖਰ ਨੂੰ ਉਹਨਾਂ ਨੇ ਜਦੋਂ ਗਾਉਣਾ ਬੰਦ ਕੀਤਾ ਤਾਂ ਮੈਂ ਵੀ ਉੱਠ ਕੇ ਬੈਠ ਗਿਆ। ਫਿਰ ਉਹਨਾਂ ਨੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ, ਮੈਂ ਉਹਨਾਂ ਦਾ ਗਿੱਧਾ ਬੜੀ ਉਤਸੁਕਤਾ ਨਾਲ ਵੇਖ ਰਿਹਾ ਸਾਂ। 

ਪਤਾ ਨਹੀਂ ਕਦੋਂ ਦਿਨ ਚੜ੍ਹ ਗਿਆ। ਦਿਨ ਹੋਇਆ ਤਾਂ ਸਪੀਕਰ ਵਾਲਾ ਸਾਈਕਲ 'ਤੇ ਸਪੀਕਰ ਬੰਨ੍ਹ ਕੇ ਲੈ ਆਇਆ।ਆਉਂਦਿਆਂ ਈਂ ਸਾਈਕਲ ਨੂੰ  ਸਟੈਂਡ 'ਤੇ ਲਾ ਕੇ ਕਹਿਣ ਲੱਗਾ, ਕਾਕਾ ਮੈਨੂੰ ਰੱਸਾ ਲਿਆ ਕੇ ਦੇਹ, ਮੈਂ ਕੋਠੇ 'ਤੇ ਮੰਜੀਆਂ ਬੰਨ੍ਹ ਕੇ ਸਪੀਕਰ  ਲਾਉਣਾ ਹੈ। ਮੈਂ ਨਾਨੀ ਜੀ ਨੂੰ ਕਿਹਾ, ਨਾਨੀ ਜੀ ਉਹ ਭਾਈ ਰੱਸਾ ਮੰਗਦਾ ਹੈ, ਕਹਿੰਦਾ ਕੋਠੇ 'ਤੇ ਸਪੀਕਰ ਬੰਨ੍ਹਣੇ ਨੇ। ਨਾਨੀ ਜੀ ਨੇ ਖ਼ੁਸ਼ ਹੁੰਦਿਆਂ ਕਿਹਾ, ਪੁੱਤ ਉਹਨੂੰ ਕਹਿ ਜਿਹੜੀਆਂ ਦੋ ਮੰਜੀਆਂ ਜੋੜ ਕੇ ਸਪੀਕਰ ਬੰਨ੍ਹਣਾ ਏਂ ,ਉਹਦੀ ਇੱਕ ਦੀ ਪੈਂਦ ਲਾਹ ਲਵੇ। ਮੇਰੇ ਕਹਿਣ ਤੋਂ ਪਹਿਲਾਂ ਹੀ ਭਾਈ ਨੇ ਸਭ ਸੁਣ ਲਿਆ ਸੀ। ਸਪੀਕਰ ਬੰਨ੍ਹ ਕੇ ਭਾਈ ਕੋਠੇ 'ਤੋਂ ਥੱਲੇ ਆਇਆ ਤੇ ਆਪਣੀ ਪੇਟੀ ਖੋਲ੍ਹੀ ਅਤੇ ਵੇਖਦੇ ਹੀ ਵੇਖਦੇ ਉਸ ਨੇ ਥੈਲੇ ਵਿੱਚੋਂ ਤਵਾ ਕੱਢ ਕੇ ਘੁੰਮਦੇ ਹੋਏ ਚਕਲੇ ਉੱਤੇ ਰੱਖ ਦਿੱਤਾ। ਮਸ਼ੀਨ ਨੂੰ ਚਾਬੀ ਭਰਨ ਲੱਗ ਪਿਆ ਅਤੇ ਨਾਲ ਦੇ ਨਾਲ ਹੀ ਯਮਲੇ ਦਾ ਗਾਣਾ 'ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ' ਸਾਰੇ ਪਿੰਡ ਵਿੱਚ ਗੂੰਜਣ ਲੱਗ ਪਿਆ। ਗੁਆਂਢਣ ਤਾਈ ਮਿੰਦੋ ਨੇ ਆਉਂਦਿਆਂ ਹੀ ਕਿਹਾ, ਆਹ ਹੋਈ ਨਾ ਗੱਲ ,ਹੁਣ ਲੱਗਦਾ ਵਿਆਹ ਵਾਲਾ ਘਰ। ਹੌਲੀ-ਹੌਲੀ ਕਰਦਿਆਂ ਬਰਾਤ ਵਾਲਾ ਦਿਨ ਆ ਗਿਆ। ਅਸੀਂ ਤਿਆਰ ਹੋ ਕੇ ਬਰਾਤੀ ਬਣ ਕੇ ਕੁੜੀ ਵਾਲਿਆਂ ਦੇ ਘਰੇ ਪਹੁੰਚ ਗਏ। ਕੁੜੀ ਵਾਲਿਆਂ ਨੇ ਮੰਜੀਆਂ 'ਤੇ ਚਾਦਰਾਂ ਵਿਛਾ ਕੇ 25-30 ਮੰਜੀਆਂ ਲਾਈਨ ਸਿਰ ਡਾਹੀਆਂ ਹੋਈਆਂ ਸਨ। ਜਾਂਦਿਆਂ ਹੀ ਸਾਨੂੰ ਮੰਜੀਆਂ ਤੇ ਬਿਠਾਇਆ ਗਿਆ, ਚਾਹ ਦੇ ਨਾਲ ਬਦਾਨਾ ਤੇ ਭੁਜੀਆ ਦਿੱਤਾ ਗਿਆ, ਸ਼ਾਮ ਨੂੰ ਅਨੰਦ ਕਾਰਜ ਹੋਇਆ ਤੇ ਸਾਰੇ ਰੀਤੀ ਰਿਵਾਜ ਕੀਤੇ ਗਏ ਜੋ ਅੱਜ ਤੱਕ ਮੈਨੂੰ ਯਾਦ ਨੇ।ਹੁਣ ਇਹ ਸਾਰਾ ਕੁੱਝ ਅਲੋਪ ਹੋ ਰਿਹਾ ਹੈ। ਨਾ ਹੀ ਉਹ ਪਿਆਰ ਹੈ ਤੇ ਨਾ ਹੀ ਉਹ ਰੀਤੀ ਰਿਵਾਜ ।

ਵੀਰ ਸਿੰਘ ਵੀਰਾ 
ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬਾਇਲ÷ 9855069972,9780253156 

ਨੋਟ: ਤੁਹਾਨੂੰ ਇਹ ਯਾਦ ਕਿਵੇਂ ਲੱਗੀ, ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News