ਵਿਆਹ ਸਮਾਗਮ 'ਚ ਕਾਂਗਰਸੀ ਆਗੂ ਨੇ ਚਲਾਈਆਂ ਗੋਲੀਆਂ, ਇਕ ਜ਼ਖਮੀ

02/06/2018 8:51:44 PM

ਖੰਨਾ (ਸੁਨੀਲ,ਬਿਪਨ) : ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਅਵਜਿੰਦਰ ਸਿੰਘ ਅਤੇ ਉਸ ਦੇ ਸਾਥੀ 'ਤੇ ਪੁਲਸ ਨੇ ਖੰਨਾ ਵਿਖੇ ਇਕ ਵਿਆਹ ਸਮਾਗਮ ਦੌਰਾਨ ਗੋਲੀ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਅਮਰਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਮਕਾਨ ਨੰਬਰ 58\14 ਲਾਹੌਰੀ ਗੇਟ ਨਜ਼ਦੀਕ ਸਾਹਨੀ ਬੈਕਰੀ ਪਟਿਆਲਾ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ ਹਰਦੀਪ ਸਿੰਘ ਉਰਫ ਦੀਪੂ ਪੁੱਤਰ ਅਵਤਾਰ ਸਿੰਘ ਨਿਵਾਸੀ ਡਿਜ਼ਪੋਜ਼ਲ ਰੋਡ ਨੇੜੇ ਵਾਲੀਆ ਸਕੂਲ ਖੰਨਾ ਅਤੇ ਕਾਂਗਰਸੀ ਆਗੂ ਅਵਜਿੰਦਰ ਸਿੰਘ ਉਰਫ ਕਾਲਾ ਪੁੱਤਰ ਜਰਨੈਲ ਸਿੰਘ ਨਿਵਾਸੀ ਘੁੜਾਨੀ ਖੁਰਦ ਖਿਲਾਫ ਆਈ. ਪੀ. ਸੀ. ਦੀ ਧਾਰਾ 307 ਅਤੇ ਆਰਮ ਐਕਟ ਦੀ ਧਾਰਾ 25, 54, 59 ਅਧੀਨ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਦੋਸਤ ਪੁਨੀਤ ਕੌਸ਼ਲ ਪੁੱਤਰ ਸ਼ਿਵ ਕੌਸ਼ਲ ਵਾਸੀ ਮੁਹੱਲਾ ਸ਼ਿਵ ਪੁਰੀ ਖੰਨਾ ਦੇ ਨਾਲ ਇਕ ਵਿਆਹ ਸਮਾਗਮ ਵਿਚ ਲੇਡੀ ਸੰਗੀਤ ਪਾਰਟੀ ਵਿਚ ਸ਼ਾਮਲ ਹੋਣ ਸਥਾਨਕ ਯੂ. ਕੇ. ਪੈਲੇਸ ਵਿਚ ਗਿਆ ਸੀ ਤਾਂ ਇਸ ਦੌਰਾਨ ਜਦੋਂ ਉਹ ਸਟੇਜ 'ਤੇ ਗੱਲਬਾਤ ਕਰ ਰਹੇ ਸਨ ਤਾਂ ਕਥਿਤ ਉਪਰੋਕਤ ਦੋਵੇਂ ਦੋਸ਼ੀ ਉਥੇ ਆ ਗਏ ਅਤੇ ਉਨ੍ਹਾਂ ਨੇ ਤਿੰਨ ਹਵਾਈ ਫਾਇਰ ਕੀਤੇ ਜਦੋਂ ਪੁਨੀਤ ਕੌਸ਼ਲ ਵਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਹਰਦੀਪ ਸਿੰਘ ਦੀਪੂ ਨੇ ਕਾਂਗਰਸੀ ਆਗੂ ਅਵਜਿੰਦਰ ਸਿੰਘ ਕਾਲੇ ਨੂੰ ਪੁਨੀਤ ਕੌਸ਼ਲ ਨੂੰ ਗੋਲੀ ਮਾਰਨ ਲਈ ਕਿਹਾ। ਇਸ ਦੌਰਾਨ ਕਾਲੇ ਨੇ ਪੁਨੀਤ ਵੱਲ ਗੋਲੀ ਚਲਾ ਦਿੱਤੀ ਅਤੇ ਉਹ ਗੋਲੀ ਉਸ ਦੇ ਮੌਢੇ 'ਤੇ ਲੱਗੀ। ਉਸ ਨੂੰ ਗੰਭੀਰ ਹਾਲਤ ਵਿਚ ਇਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਅਪੋਲੋ ਹਸਪਤਾਲ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।  ਫਿਲਹਾਲ ਦੋਵੇਂ ਕਥਿਤ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।


Related News