''ਕੀ ਬਾਬੇ ਨਾਨਕ ਜੀ ਦੇ ਵਿਆਹ ਤੱਕ ਜਗਣਗੀਆਂ ਸ਼ਹਿਰ ਦੇ ਮੇਨ ਰਸਤੇ ਦੀਆਂ ਲਾਈਟਾਂ''
Monday, Aug 21, 2017 - 03:11 PM (IST)

ਬਟਾਲਾ, (ਸੈਂਡੀ, ਕਲਸੀ) - ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਵਿਖੇ 28 ਅਗਸਤ ਨੂੰ ਬੜੀ ਸ਼ਰਧਾਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਪਰ ਜਿਸ ਰਸਤੇ ਰਾਹੀਂ ਬਾਬਾ ਜੀ ਦਾ ਵਿਆਹ ਵੇਖਣ ਆਉਣ-ਜਾਣ ਵਾਲੇ ਲੋਕਾਂ ਨੇ ਲੰਘਣਾ ਹੈ, ਉਸ ਰਸਤੇ ਦੀਆਂ ਲਾਈਟਾਂ ਕਈ ਚਿਰਾਂ ਤੋਂ ਬੰਦ ਪਈਆਂ ਹਨ।
ਪਿੰਡ ਘਸੀਟਪੁਰ ਦੇ ਨੌਜਵਾਨ ਸਮਾਜ ਸੇਵਕ ਤੇਜਿੰਦਰ ਸਿੰਘ ਬਿਊਟੀ ਰੰਧਾਵਾ ਨੇ 'ਜਗ ਬਾਣੀ' ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬਟਾਲਾ ਡੇਰਾ ਰੋਡ 'ਤੇ ਜਿੰਨੀਆਂ ਵੀ ਲਾਈਟਾਂ ਲੱਗੀਆਂ ਹਨ ਉਹ ਸਾਰੀਆਂ ਹੀ ਲਗਭਗ ਬੰਦ ਪਈਆਂ ਹਨ। ਲੋਕ ਬਾਬਾ ਜੀ ਦੇ ਵਿਆਹ ਵਾਲੇ ਦਿਨ ਅਤੇ ਇਸ ਤੋਂ ਪਹਿਲਾਂ ਵੀ ਇਸ ਰਸਤੇ ਰਾਹੀਂ ਰਾਤ ਨੂੰ ਆਉਂਦੇ-ਜਾਂਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਨੂੰ ਇਸ ਰਸਤੇ ਦੀ ਮਹੱਤਤਾ ਦਾ ਪਤਾ ਹੋਣ ਦੇ ਬਾਵਜੂਦ ਵੀ ਲਾਈਟਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਰਾਤ ਸਮੇਂ ਆਉਣ-ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਲਾਈਟ ਨਾ ਹੋਣ ਕਾਰਨ ਹਨੇਰੇ ਦਾ ਲਾਭ ਉਠਾਉਂਦੇ ਹੋਏ ਲੁੱਟਾਂ-ਖੋਹਾਂ ਕਰਨ ਵਾਲੇ ਅਨਸਰ ਵੀ ਸਰਗਰਮ ਰਹਿੰਦੇ ਹਨ।
ਉਕਤ ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਹੈ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ। ਉਕਤ ਇਲਾਕੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰਸਤੇ ਹਨ, ਜਿਥੋਂ ਦੀਆਂ ਲਾਈਟਾਂ ਬੰਦ ਹਨ। ਇਸ ਲਈ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਬਾਬਾ ਜੀ ਦੇ ਵਿਆਹ ਪੁਰਬ ਦੀ ਆਮਦ ਨੂੰ ਮੁੱਖ ਰੱਖਦਿਆਂ ਇਨ੍ਹਾਂ ਰਸਤਿਆਂ ਦੀਆਂ ਲਾਈਟਾਂ ਨੂੰ ਜਗਾਇਆ ਜਾਵੇ।