...ਜਦੋਂ 40 ਭਲਵਾਨਾਂ ਨਾਲ ਬਾਰਾਤ ਲੈ ਕੇ ਪਹੁੰਚਿਆ ਲਾੜਾ
Friday, Mar 29, 2019 - 06:25 PM (IST)
ਗੁਰਦਾਸਪੁਰ : ਕਲਾਨੌਰ ਦੇ ਨਜ਼ਦੀਕੀ ਪਿੰਡ ਵਡਾਲਾ ਬਾਂਗਲ ਵਿਚ ਗੁਜਰ ਭਾਈਚਾਰੇ ਵਿਚ ਬੁੱਧਵਾਰ ਨੂੰ ਅਨੋਖੇ ਢੰਗ ਨਾਲ ਮੁਕਲਾਵਾ (ਪਤੀ ਵਲੋਂ ਪਹਿਲੀ ਵਾਰ ਪਤਨੀ ਨੂੰ ਪੇਕੇ ਤੋਂ ਸਹੁਰੇ ਘਰ ਲੈ ਕੇ ਜਾਣ ਦੀ ਰਸਮ) ਦੇਖਣ ਨੂੰ ਮਿਲਿਆ। ਇਸ ਵਿਚ ਕਠੂਆ ਤੋਂ ਭਲਵਾਨਾਂ ਦੀ ਬਾਰਾਤ ਆਈ. ਲਾੜਾ ਵੀ ਭਲਵਾਨ ਸੀ। ਬਾਰਾਤ ਵਿਚ ਰਾਤ ਨੂੰ ਸ਼ਗਨ ਦੇ ਤੌਰ 'ਤੇ ਭਲਵਾਨਾਂ ਦਾ ਦੰਗਲ ਵੀ ਹੋਇਆ। ਲੜਕੀ ਦੇ ਨਾਨਾ ਮਾਮੂ ਦੀਨ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਪੰਜਵੀਂ ਵਾਰ ਮੱਕਾ ਮਦੀਨਾ ਤੋਂ ਹੱਜ ਕਰਕੇ ਪਰਤੇ ਹਨ। ਉਨ੍ਹਾਂ ਦੀ ਦੋਹਤੀ ਅਮੀਨਾ ਦਾ ਵਿਆਹ ਦੋ ਸਾਲ ਪਹਿਲਾਂ ਕਠੂਆਂ ਦੇ ਭਲਵਾਨ ਸਾਬੂ ਨਾਲ ਹੋਇਆ ਸੀ। ਬੁੱਧਵਾਰ ਨੂੰ ਉਸ ਦੀ ਵਿਦਾਈ ਸੀ। ਸਾਬੂ ਭਲਵਾਨ ਆਪਣੇ ਨਾਲ ਲਗਭਗ 40 ਭਲਵਾਨਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਆਇਆ।
ਸਾਬੂ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਨਾਲ ਮੰਗਲਵਾਰ ਰਾਤ ਉਨ੍ਹਾਂ ਕੋਲ ਪਹੁੰਚਿਆ। ਉਨ੍ਹਾਂ ਦੱਸਿਆ ਕਿ ਬਰਾਤੀਆਂ ਦਾ ਸਵਾਗਤ ਸ਼ੁੱਧ ਘਿਓ, ਮੱਖਣ, ਖੋਇਆ ਅਤੇ ਸ਼ੱਕਰ ਨਾਲ ਕੀਤਾ ਗਿਆ। ਰਾਤ ਨੂੰ ਸ਼ਗਨ ਦੇ ਤੌਰ 'ਤੇ ਭਲਵਾਨਾਂ ਦਾ ਦੰਗਲ ਕਰਵਾਇਆ ਗਿਆ। ਮਾਮੂ ਦੀਨ ਨੇ ਦੱਸਿਆ ਕਿ ਉਹ ਨਸ਼ੇ ਕਰਨ ਵਾਲੇ ਨੌਜਵਾਨਾਂ ਨਾਲ ਆਪਣੀਆਂ ਧੀਆਂ ਨਹੀਂ ਵਿਹਾਉਂਦੇ ਹਨ। ਦੋਹਤੀ ਨੂੰ ਵਿਦਾਈ ਸਮੇਂ ਪੰਜ ਮੱਝਾਂ ਵੀ ਦਿੱਤੀਆਂ ਗਈਆਂ।