1984 ਦੇ ਘਟਨਾਕ੍ਰਮ 'ਤੇ ਬਣੀ ਵੈੱਬ ਸੀਰੀਜ਼ ‘ਗ੍ਰਹਿਣ’ 'ਤੇ ਐੱਸ. ਜੀ. ਪੀ. ਸੀ. ਨੇ ਚੁੱਕੇ ਸਵਾਲ, ਕਿਹਾ ਲੱਗੇ ਰੋਕ

Monday, Jun 21, 2021 - 06:21 PM (IST)

1984 ਦੇ ਘਟਨਾਕ੍ਰਮ 'ਤੇ ਬਣੀ ਵੈੱਬ ਸੀਰੀਜ਼ ‘ਗ੍ਰਹਿਣ’ 'ਤੇ ਐੱਸ. ਜੀ. ਪੀ. ਸੀ. ਨੇ ਚੁੱਕੇ ਸਵਾਲ, ਕਿਹਾ ਲੱਗੇ ਰੋਕ

ਅੰਮ੍ਰਿਤਸਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਨ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ 1984 ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ’ਤੇ ਅਧਾਰਿਤ ਵੈੱਬ ਸੀਰੀਜ਼ ‘ਗ੍ਰਹਿਣ’ ਜੋ 24 ਜੂਨ ਨੂੰ ਡਿਜਨੀ+ਹਾਟਸਟਾਰ ਪਲੇਟਫਾਰਮ ’ਤੇ ਰਲੀਜ਼ ਹੋ ਰਹੀ ਹੈ, ’ਤੇ ਤੁਰੰਤ ਰੋਕ ਲਗਾਈ ਜਾਵੇ। ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਦੇ ਸਮੇਂ ਦੇਸ਼ ਭਰ ਵਿਚ ਵਾਪਰੀਆਂ 1984 ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਬਾਰੇ ‘ਗ੍ਰਹਿਣ’ ਨਾਂ ਦੀ ਵੈੱਬ ਸੀਰੀਜ਼ ਵਿੱਚ ਇੱਕ ਸਿੱਖ ਕਿਰਦਾਰ ਨੂੰ ਇਤਰਾਜ਼ਯੋਗ ਢੰਗ ਨਾਲ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਿੱਖ ਨਸਲਕੁਸ਼ੀ ਦਾ ਦੋਸ਼ ਇਕ ਸਿੱਖ ਕਿਰਦਾਰ ਸਿਰ ਹੀ ਮੜ੍ਹਿਆ ਜਾ ਰਿਹਾ ਹੈ, ਜੋ ਬਹੁਤ ਹੀ ਨਿੰਦਣਯੋਗ ਤੇ ਮਨਘੜਤ ਹੈ। ਉਨ੍ਹਾਂ ਕਿਹਾ ਕਿ ‘ਗ੍ਰਹਿਣ’ ਵੈੱਬ ਸੀਰੀਜ਼ ਦੇ ਨਿਰਮਾਤਾ ਅਜੇ ਜੀ ਰਾਏ ਅਤੇ ਡਿਜਨੀ+ਹਾਟਸਟਾਰ ਦੇ ਮੁੱਖੀ ਸੁਨੀਲ ਰਾਯਨ ਨੂੰ ਬੀਬੀ ਨਿਰਪ੍ਰੀਤ ਕੌਰ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ਦੀ ਸ਼੍ਰੋਮਣੀ ਕਮੇਟੀ ਵੀ ਹਮਾਇਤ ਕਰਦੀ ਹੈ। 

ਇਹ ਵੀ ਪੜ੍ਹੋ :'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਵੈੱਬ ਸੀਰੀਜ਼ ਰਾਹੀਂ ਸਿੱਖਾਂ ਦੇ ਅੱਲ੍ਹੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਫ਼ਿਲਮਾਂ ਨਾਲ ਸਮਾਜ ਅੰਦਰ ਫਿਰਕਿਆਂ ਦੀ ਸਾਂਝੀਵਾਲਤਾ ਨੂੰ ਵੀ ਗਹਿਰੀ ਸੱਟ ਵੱਜਦੀ ਹੈ। ਇਸ ਲਈ ਅਜਿਹੇ ਸੰਵੇਦਨਸ਼ੀਲ ਅਤੇ ਇਤਰਾਜ਼ਯੋਗ ਰੋਝਾਨਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਆਈਟੀ ਨਿਯਮ ਬਣਾਉਣੇ ਚਾਹੀਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੈਂਸਰ ਬੋਰਡ ਵਿਚ ਸਿੱਖ ਨੁਮਾਇੰਦਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਫ਼ਿਲਮ ਵਿਚ ਸਿੱਖ ਧਰਮ ਨਾਲ ਸਬੰਧਤ ਵਿਵਾਦਤ ਸੀਨ ਨੂੰ ਕੱਟਿਆ ਜਾ ਸਕੇ। ਉਨ੍ਹਾਂ ਵੈੱਬ ਸੀਰੀਜ਼ ਨਿਰਮਾਤਾ ਅਤੇ ਡਿਜਨੀ+ਹਾਟਸਰਾਟ ਦੇ ਮੁਖੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਇਤਰਾਜ਼ਯੋਗ ਵੈੱਬ ਸੀਰੀਜ਼ ਨੂੰ ਰੀਲੀਜ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
    
ਇਹ ਵੀ ਪੜ੍ਹੋ: ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ


author

Harnek Seechewal

Content Editor

Related News