ਨੌਜਵਾਨਾਂ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਲਈ ਮੁੱਖ ਮੰਤਰੀ ਵੱਲੋਂ ਵੈੱਬ ਚੈਨਲ ''ਰੰਗਲਾ ਪੰਜਾਬ'' ਦੀ ਸ਼ੁਰੂਆਤ

Tuesday, Aug 03, 2021 - 08:40 AM (IST)

ਨੌਜਵਾਨਾਂ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਲਈ ਮੁੱਖ ਮੰਤਰੀ ਵੱਲੋਂ ਵੈੱਬ ਚੈਨਲ ''ਰੰਗਲਾ ਪੰਜਾਬ'' ਦੀ ਸ਼ੁਰੂਆਤ

ਚੰਡੀਗੜ੍ਹ : ਸੂਬਾ ਭਰ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੈੱਬ ਚੈਨਲ ‘ਰੰਗਲਾ ਪੰਜਾਬ’ ਦੀ ਵਰਚੂਅਲ ਤੌਰ 'ਤੇ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਚੈਨਲ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਪਾਸਾਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ ਅਤੇ ਉੱਭਰ ਰਹੇ ਕਲਾਕਾਰਾਂ ਨੂੰ ਗਾਇਕੀ, ਡਾਂਸਿੰਗ ਅਤੇ ਕਲਾ ਤੇ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਵਿਚ ਆਪਣੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦੇ ਅਥਾਹ ਮੌਕੇ ਮੁਹੱਈਆ ਕਰਵਾਏਗਾ।

ਇਹ ਵੀ ਪੜ੍ਹੋ : ਅਮਨਜੋਤ ਕੌਰ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ 'ਬਲਵੰਤ ਰਾਮੂਵਾਲੀਆ' ਦਾ ਵੱਡਾ ਫ਼ੈਸਲਾ, ਧੀ ਨਾਲੋਂ ਤੋੜੇ ਸਾਰੇ ਸਬੰਧ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਰੰਗਲਾ ਪੰਜਾਬ’ ਚੈਨਲ ਪੰਜਾਬੀ ਤੇ ਹਿੰਦੀ ਫਿਲਮ ਅਤੇ ਸੰਗੀਤ ਇੰਡਸਟਰੀ ਵਿਚ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਨਵੇਂ ਦਿਸਹੱਦੇ ਕਾਇਮ ਕਰੇਗਾ ਅਤੇ ਇਨ੍ਹਾਂ ਦੀਆਂ ਪ੍ਰਤਿਭਾਵਾਂ ਨਾਲ ਉੱਘੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਪ੍ਰਤਿਭਾ ਦੇ ਨਵੇਂ ਮੌਕਿਆਂ ਨੂੰ ਚੁਣਨ ਦਾ ਰਸਤਾ ਖੁੱਲ੍ਹ ਸਕਦਾ ਹੈ। ਉਨਾਂ ਨੇ ਗਾਇਕੀ ਅਤੇ ਸਾਜ਼-ਸੰਗੀਤ ਦੇ ਨਵੇਂ ਰੁਝਾਨ ਵਿਚ ਗੂੜ੍ਹੀ ਸਮਝ ਰੱਖਣ ਵਾਲੇ ਨੌਜਵਾਨਾਂ ਨੂੰ ‘ਹੀਰ-ਰਾਂਝਾ’, ‘ਸੋਹਣੀ-ਮਹੀਵਾਲ’ ਅਤੇ ‘ਸੱਸੀ ਪੁਨੂੰ’ ਵਰਗੀਆਂ ਪ੍ਰਸਿੱਧ ਲੋਕ ਧਾਰਾਵਾਂ ਵੀ ਗਾਉਣ ਲਈ ਆਖਿਆ, ਜੋ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦਾ ਅਟੁੱਟ ਹਿੱਸਾ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਇਸ ਪਾਵਰ ਹਾਊਸ ਨੇ ਤੋੜਿਆ ਬਿਜਲੀ ਉਤਪਾਦਨ ਦਾ ਰਿਕਾਰਡ

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡਾ, ਯੂ. ਐਸ. ਏ. ਅਤੇ ਆਸਟ੍ਰੇਲੀਆ ਵਿਚ ਵੱਸਦੇ ਪੰਜਾਬੀ ਨੌਜਵਾਨ ਇਸ ਪਲੇਟਫਾਰਮ ਜ਼ਰੀਏ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਜਰਮਨ ਵਰਗੇ ਵਿਦੇਸ਼ੀ ਮੁਲਕ ਪੰਜਾਬੀ ਨਹੀਂ ਸਮਝਦੇ ਪਰ ਪੰਜਾਬੀ ਸੰਗੀਤ ਤੇ ਗੀਤਾਂ ਨਾਲ ਕੀਲੇ ਜਾਂਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਨਿਵੇਕਲਾ ਕਦਮ ਪੰਜਾਬੀ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗਾ ਅਤੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਬਿਹਤਰ ਢੰਗ ਨਾਲ ਕਰਨ ਲਈ ਵੀ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ : ਪਟਿਆਲਾ ਦੇ ਹੋਟਲ 'ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, ਪੁਲਸ ਦੇ ਛਾਪੇ ਦੌਰਾਨ ਔਰਤਾਂ ਸਣੇ 8 ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਗਾਇਕੀ ਅਤੇ ਡਾਂਸਿੰਗ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਵੈੱਬ ਚੈਨਲ 'ਤੇ ਸ਼ੇਅਰ ਕਰਨ ਤੋਂ ਪਹਿਲਾਂ ਪੰਜਾਬ ਆਰਟਸ ਕੌਂਸਲ ਦੇ ਮੈਂਬਰਾਂ ਦੀਆਂ ਮਾਹਿਰ ਕਮੇਟੀ ਵੱਲੋਂ ਵਿਸਥਾਰਤ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਵੱਖ-ਵੱਖ ਸ਼ੈਲੀਆਂ ਵਿਚ ਚੁਣੇ ਗਏ ਕਲਾਕਾਰਾਂ ਦਰਮਿਆਨ ਵੀ ਮੁਕਾਬਲਾ ਕਰਵਾਇਆ ਜਾਵੇਗਾ ਤਾਂ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News