ਮੌਸਮ ਦੇ ਬਦਲੇ ਮਿਜਾਜ਼ ਨੇ ਚਿੰਤਾ ''ਚ ਪਾਏ ''ਕਿਸਾਨ'', ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਤਹਿਸ-ਨਹਿਸ

Tuesday, Mar 23, 2021 - 11:25 AM (IST)

ਨਾਭਾ (ਰਾਹੁਲ) : ਹੋਲੀ ਤੋਂ ਪਹਿਲਾਂ ਦੇਸ਼ ਭਰ ਵਿੱਚ ਮੌਸਮ ਦਾ ਮਿਜਾਜ਼ ਬਦਲਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਤੋਂ ਲੈ ਕੇ ਮੱਧ ਭਾਰਤ ਤੱਕ ਹਰ ਪਾਸੇ ਬਰਸਾਤ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਨੂੰ ਵਧਾ ਦਿੱਤਾ ਹੈ। ਬੇਮੌਸਮੀ ਬਰਸਾਤ ਅਤੇ ਝੱਖੜ ਹਨ੍ਹੇਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਤਹਿਸ-ਨਹਿਸ ਕਰਕੇ ਰੱਖ ਦਿੱਤੀ ਹੈ।

ਨਾਭਾ ਵਿਖੇ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਅਤੇ ਹਨ੍ਹੇਰੀ ਨੇ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤੀ ਹੈ ਅਤੇ ਹੁਣ ਕਿਸਾਨਾਂ ਨੂੰ ਇਹ ਚਿੰਤਾ ਹੈ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਉਹ ਕਿਵੇਂ ਵੱਢਣਗੇ ਕਿਉਂਕਿ ਜੋ ਕਣਕ ਧਰਤੀ 'ਤੇ ਡਿੱਗ ਪਈ ਹੈ, ਉਹ ਬਿਲਕੁਲ ਖ਼ਰਾਬ ਹੀ ਹੋ ਜਾਵੇਗੀ। ਇਕ ਪਾਸੇ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ  ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਧਰਨੇ 'ਤੇ ਬੈਠਾ ਹੈ, ਉੱਥੇ ਦੂਜੇ ਪਾਸੇ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ, ਕਿਉਂਕਿ ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਦੀ ਫ਼ਸਲ ਵਿੱਚੋਂ ਬਹੁਤ ਵਧੀਆ ਝਾੜ ਨਿਕਲੇਗਾ ਪਰ ਮੌਸਮ ਮਹਿਕਮੇ ਵੱਲੋਂ 23 ਤਾਰੀਖ਼ ਤੋਂ ਲੈ ਕੇ 29 ਤਾਰੀਖ਼ ਤੱਕ ਬਰਸਾਤ ਦੀ ਭਵਿੱਖਬਾਣੀ ਨੇ ਉਨ੍ਹਾਂ ਦੀਆਂ ਸੱਧਰਾਂ 'ਤੇ ਪਾਣੀ ਫੇਰ ਦਿੱਤਾ। ਨਾਭਾ ਵਿਖੇ ਤੇਜ਼ ਹਨ੍ਹੇਰੀ ਅਤੇ ਬਰਸਾਤ ਦੇ ਕਾਰਨ ਕਿਸਾਨ ਚਿੰਤਤ ਹਨ ਕਿ ਹੁਣ ਉਹ ਫ਼ਰਿਆਦ ਕਰਨ ਤੱਕ ਕਿਸ ਨੂੰ ਕਰਨ ਕਿਉਂਕਿ ਖੇਤਾਂ ਵਿੱਚ ਉਨ੍ਹਾਂ ਦੀ ਫ਼ਸਲ 50 ਫ਼ੀਸਦੀ ਤੋਂ ਉੱਪਰ ਖ਼ਰਾਬ ਹੋ ਚੁੱਕੀ ਹੈ ਕਿਉਂਕਿ ਹੁਣ ਉਨ੍ਹਾਂ ਦੀ ਫ਼ਸਲ ਪੱਕਣ ਦੇ ਕਿਨਾਰੇ ਸੀ ਅਤੇ ਅਖੀਰਲੇ ਸਮੇਂ ਵਿੱਚ ਬਰਸਾਤ ਅਤੇ ਹਨ੍ਹੇਰੀ ਝੱਖੜ ਦੇ ਨਾਲ ਫ਼ਸਲ ਬਿਲਕੁਲ ਬਰਬਾਦ ਹੋਣ ਦੇ ਕਿਨਾਰੇ ਆ ਗਈ ਹੈ।

ਇਸ ਬਾਬਤ ਕਿਸਾਨਾਂ ਦਾ ਕਹਿਣਾ ਹੈ ਇਕ ਪਾਸੇ ਜਿੱਥੇ ਅਸੀਂ ਦਿੱਲੀ ਵਿਖੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬਰੂਹਾਂ 'ਤੇ ਬੈਠੇ ਹਾਂ, ਉੱਥੇ ਦੂਜੇ ਪਾਸੇ ਬੇਮੌਸਮੀ ਬਰਸਾਤ ਦੇ ਕਾਰਨ ਸਾਡੀ ਪੁੱਤਾਂ ਵਾਂਗ ਪਾਲੀ ਫ਼ਸਲ ਤਹਿਸ-ਨਹਿਸ ਹੋ ਗਈ ਹੈ ਕਿਉਂਕਿ ਤੇਜ਼ ਹਨ੍ਹੇਰੀ ਦੇ ਨਾਲ ਜਿਹੜੀ ਕਣਕ ਧਰਤੀ ਤੇ ਡਿੱਗ ਪਈ ਹੈ ਇਹ ਬਿਲਕੁਲ ਖ਼ਰਾਬ ਹੋ ਜਾਵੇਗੀ ਕਿਉਂਕਿ ਇਸ ਤੇ ਦੁੱਗਣੀ ਮਿਹਨਤ ਤੋਂ ਇਲਾਵਾ  ਇਸ ਦਾ ਦਾਣਾ ਬਿਲਕੁਲ ਖ਼ਰਾਬ ਹੋ ਜਾਵੇਗਾ।


Babita

Content Editor

Related News