ਸ਼ਹਿਰ ਦੀਆਂ ਰਾਤਾਂ ਸ਼ਿਮਲਾ ਨਾਲੋਂ ਠੰਡੀਆਂ, ਛਾਏ ਰਹਿ ਸਕਦੇ ਨੇ ਹਲਕੇ ਬੱਦਲ
Wednesday, Jan 29, 2025 - 01:11 PM (IST)
ਚੰਡੀਗੜ੍ਹ (ਅਧੀਰ ਰੋਹਾਲ) : ਦਿਨ ਵੇਲੇ ਭਾਵੇਂ ਠੰਡ ਤੋਂ ਰਾਹਤ ਹੈ ਪਰ ਪਿਛਲੇ 3 ਦਿਨਾਂ ਤੋਂ ਚੰਡੀਗੜ੍ਹ ਸ਼ਹਿਰ ਦੀਆਂ ਰਾਤਾਂ ਸ਼ਿਮਲਾ ਨਾਲੋਂ ਵੀ ਠੰਡੀਆਂ ਸਨ। ਪਿਛਲੇ ਕੁੱਝ ਦਿਨਾਂ ਤੋਂ ਦਿਨ ਦਾ ਤਾਪਮਾਨ ਲਗਾਤਾਰ 20 ਡਿਗਰੀ ਤੋਂ ਉੱਪਰ ਜਾਣ ਕਾਰਨ ਸਰਦੀ ਦੀ ਠੰਡਕ ਘੱਟ ਹੋ ਰਹੀ ਹੈ। ਇਹੀ ਕਾਰਨ ਹੈ ਕਿ ਮੰਗਲਵਾਰ ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ ਪਿਛਲੇ 3 ਦਿਨਾਂ ’ਚ 24.4 ਡਿਗਰੀ ’ਤੇ ਜਾ ਕੇ ਸਭ ਤੋਂ ਵੱਧ ਰਿਹਾ। ਆਉਣ ਵਾਲੇ ਦਿਨਾਂ ਵਿਚ ਵੀ ਦਿਨ ਦਾ ਤਾਪਮਾਨ ਕਰੀਬ 20 ਡਿਗਰੀ ਤੋਂ ਉੱਪਰ ਹੀ ਰਹੇਗਾ ਪਰ ਦਿਨ ਦੇ ਮੌਸਮ ਦੇ ਬਿਲਕੁਲ ਉਲਟ ਸ਼ਹਿਰ ਦੀਆਂ ਰਾਤਾਂ ਅਜੇ ਵੀ ਠੰਡੀਆਂ ਚੱਲ ਰਹੀਆਂ ਹਨ। ਚੰਡੀਗੜ੍ਹ ਵਿਚ ਰਾਤ ਦਾ ਤਾਪਮਾਨ ਲਗਾਤਾਰ ਤਿੰਨ ਦਿਨਾਂ ਤੋਂ ਸ਼ਿਮਲਾ ਨਾਲੋਂ ਵੀ ਘੱਟ ਰਿਹਾ ਹੈ। ਸੋਮਵਾਰ ਰਾਤ ਨੂੰ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੀ, ਜਦਕਿ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 8.6 ਡਿਗਰੀ ਰਿਹਾ।
ਧੁੰਦ ਤੋਂ ਹੁਣ ਰਾਹਤ, 4 ਦਿਨ ਛਾਏ ਰਹਿ ਸਕਦੇ ਹਨ ਬੱਦਲ
ਆਉਣ ਵਾਲੇ ਦਿਨਾਂ ਵਿਚ ਧੁੰਦ ਤੋਂ ਸ਼ਹਿਰ ਨੂੰ ਰਾਹਤ ਹੈ। ਮੌਸਮ ਵਿਭਾਗ ਮੁਤਾਬਕ ਹੁਣ ਕਈ ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਘੱਟ ਹੀ ਹੈ ਪਰ 30 ਜਨਵਰੀ ਤੋਂ 2 ਫਰਵਰੀ ਤੱਕ ਸ਼ਹਿਰ ਵਿਚ ਬੱਦਲਵਾਈ ਰਹਿ ਸਕਦੀ ਹੈ। 29 ਜਨਵਰੀ ਅਤੇ 1 ਫਰਵਰੀ ਤੋਂ ਸਰਗਰਮ ਰਹਿਣ ਵਾਲੇ ਪੱਛਮੀ ਗੜਬੜੀ ਦੇ ਦੋ ਸਪੈੱਲਾਂ ਕਾਰਨ ਉੱਤਰੀ ਭਾਰਤ ਵਿਚ ਬੱਦਲਵਾਈ ਦੇ ਨਾਲ-ਨਾਲ ਪਹਾੜਾਂ ਵਿਚ ਬਾਰਸ਼ ਦੇ ਨਾਲ ਬਰਫ਼ ਅਤੇ ਮੈਦਾਨੀ ਇਲਾਕਿਆਂ ਵਿਚ ਬੱਦਲਵਾਈ ਦੇ ਨਾਲ ਹਲਕੀ ਬਾਰਸ਼ ਹੋ ਸਕਦੀ ਹੈ।