ਪੰਜਾਬ 'ਚ ਛਾਏ ਕਾਲੇ ਬੱਦਲ, ਬਿਜਲੀ ਗਰਜਣ ਨਾਲ ਪੈ ਰਿਹਾ ਮੀਂਹ, ਆਉਂਦੇ ਦਿਨਾਂ ਲਈ ਜਾਰੀ ਹੋਇਆ ਅਲਰਟ

Saturday, Mar 18, 2023 - 09:39 AM (IST)

ਪੰਜਾਬ 'ਚ ਛਾਏ ਕਾਲੇ ਬੱਦਲ, ਬਿਜਲੀ ਗਰਜਣ ਨਾਲ ਪੈ ਰਿਹਾ ਮੀਂਹ, ਆਉਂਦੇ ਦਿਨਾਂ ਲਈ ਜਾਰੀ ਹੋਇਆ ਅਲਰਟ

ਜਲੰਧਰ (ਇੰਟ.) : ਪੰਜਾਬ ਅਤੇ ਹਰਿਆਣਾ 'ਚ ਇਕ ਵਾਰ ਫਿਰ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਜਿੱਥੇ ਤਾਪਮਾਨ ਵੱਧਣ ਕਾਰਨ ਲੋਕਾਂ ਨੂੰ ਗਰਮੀ ਸਤਾਉਣ ਲੱਗੀ ਸੀ, ਉੱਥੇ ਹੀ ਹੁਣ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਸ਼ਨੀਵਾਰ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਪੂਰੀ ਤਰ੍ਹਾਂ ਠੰਡਾ ਹੋ ਗਿਆ ਹੈ। ਕਾਲੇ ਬੱਦਲਾਂ ਨੇ ਆਸਮਾਨ ਨੂੰ ਪੂਰੀ ਤਰ੍ਹਾਂ ਢਕਿਆ ਹੋਇਆ ਹੈ ਅਤੇ ਬਿਜਲੀ ਵੀ ਲਗਾਤਾਰ ਗਰਜ ਰਹੀ ਹੈ। ਫਿਲਹਾਲ ਮੀਂਹ ਪੈਣ ਨਾਲ ਮੌਸਮ ਤਾਂ ਸੁਹਾਵਣਾ ਹੋ ਗਿਆ ਹੈ ਪਰ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਸਰ੍ਹੋਂ ਦੀ ਫ਼ਸਲ ਦੀ ਕਟਾਈ ਫਿਲਹਾਲ ਰੋਕਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਆਉਣ ਵਾਲੀ 20 ਮਾਰਚ ਤੱਕ ਮੌਸਮ ਖ਼ਰਾਬ ਰਹੇਗਾ।ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਫ਼ਸਲ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ ਤਾਂ ਨੁਕਸਾਨ ਤੋਂ ਬਚਣ ਲਈ ਸੁਰੱਖਿਅਤ ਸਥਾਨਾਂ ’ਤੇ ਭੰਡਾਰ ਕਰ ਲਿਆ ਜਾਵੇ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਦੀਆਂ ਫ਼ਸਲਾਂ ਦੀ ਸਿੰਚਾਈ ਵੀ ਰੋਕਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਪਹਿਲਾ 'ਮਿਰਚਾਂ' ਦਾ ਕਲੱਸਟਰ ਸ਼ੁਰੂ, ਕਿਸਾਨਾਂ ਨੂੰ ਹੋਵੇਗੀ ਕਰੋੜਾਂ ਦੀ ਕਮਾਈ
ਪੰਜਾਬ ਅਤੇ ਹਰਿਆਣਾ ’ਚ ਪੈ ਸਕਦੇ ਹਨ ਗੜ੍ਹੇ
ਮੌਸਮ ਵਿਭਾਗ ਨੇ ਮੌਸਮ ਸਬੰਧੀ ਸਰਗਰਮੀ ਨੂੰ ਦੇਖਦੇ ਹੋਏ ਉੱਤਰ-ਪੱਛਮ ਭਾਰਤ ਦੇ ਪੱਛਮੀ ਹਿਮਾਲਈ ਖੇਤਰ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਸ਼ੁੱਕਰਵਾਰ ਤੋਂ 20 ਮਾਰਚ ਦੌਰਾਨ ਤੇਜ਼ ਹਵਾਵਾਂ ਨਾਲ ਹਲਕੇ ਮੀਂਹ ਅਤੇ ਗੜ੍ਹੇ ਪੈਣ ਦਾ ਖਦਸ਼ਾ ਪ੍ਰਗਟਾਇਆ ਹੈ। ਵਿਭਾਗ ਮੁਤਾਬਕ ਪੱਛਮੀ ਗੜਬੜ ਚੱਕਰਵਾਤੀ ਪ੍ਰਸਾਰ ਦੇ ਰੂਪ 'ਚ ਅਫ਼ਗਾਨਿਸਤਾਨ ਅਤੇ ਇਸ ਦੇ ਨੇੜਲੇ ਇਲਾਕਿਆਂ ’ਚ ਸਰਗਰਮ ਹੈ। ਇਸ ਦੇ ਕਾਰਨ ਦੱਖਣੀ-ਪੱਛਮੀ ਰਾਜਸਥਾਨ ਦੇ ਹੇਠਲੇ ਇਲਾਕਿਆਂ 'ਇਕ ਚੱਕਰਵਾਤੀ ਪ੍ਰਸਾਰ ਬਣਿਆ ਹੋਇਆ ਹੈ। ਉਥੇ ਇਕ ਹੋਰ ਚੱਕਰਵਾਤੀ ਪ੍ਰਸਾਰ ਪੂਰਬ-ਉੱਤਰ ਰਾਜਸਥਾਨ ਅਤੇ ਇਸ ਨਾਲ ਲੱਗਦੇ ਇਲਾਕਿਆਂ 'ਚ ਸਰਗਰਮ ਹੈ।

ਇਹ ਵੀ ਪੜ੍ਹੋ : ਪੰਜਾਬ 'ਚ PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ : ਪੰਜਾਬ ਨੇ ਕੇਂਦਰ ਸਰਕਾਰ ਨੂੰ ਭੇਜੀ ਰਿਪੋਰਟ
ਰਾਜਸਥਾਨ ਅਤੇ ਯੂ. ਪੀ. ’ਚ ਵੀ ਖ਼ਰਾਬ ਰਹੇਗਾ ਮੌਸਮ
ਮੌਸਮ ਵਿਭਾਗ ਨੇ ਕਿਹਾ ਹੈ ਕਿ 17 ਤੋਂ 21 ਮਾਰਚ ਦੌਰਾਨ ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣ ਅਤੇ ਬਿਜਲੀ ਡਿੱਗਣ ਦੇ ਆਸਾਰ ਹਨ। ਜਦਕਿ 17 ਤੋਂ 19 ਮਾਰਚ ਦੌਰਾਨ ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ 'ਚ ਗੜ੍ਹੇਮਾਰੀ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਪਹਿਲਾਂ ਪੂਰਬ-ਉੱਤਰ ਰਾਜਸਥਾਨ 'ਚ ਅਤੇ ਫਿਰ 21 ਮਾਰਚ ਨੂੰ ਉੱਤਰ ਪ੍ਰਦੇਸ਼ 'ਚ ਵੀ ਗੜ੍ਹੇਮਾਰੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News