ਪੰਜਾਬ ''ਚ ਲਗਾਤਾਰ ਬਦਲ ਰਹੇ ਮੌਸਮ ਦਰਮਿਆਨ ਜਾਰੀ ਹੋਈ ਐਡਵਾਈਜ਼ਰੀ, ਹੋ ਜਾਓ ਅਲਰਟ

Saturday, Dec 20, 2025 - 02:04 PM (IST)

ਪੰਜਾਬ ''ਚ ਲਗਾਤਾਰ ਬਦਲ ਰਹੇ ਮੌਸਮ ਦਰਮਿਆਨ ਜਾਰੀ ਹੋਈ ਐਡਵਾਈਜ਼ਰੀ, ਹੋ ਜਾਓ ਅਲਰਟ

ਪਟਿਆਲਾ (ਰਾਜੇਸ਼ ਪੰਜੌਲਾ) : ਅੱਜਕਲ ਚੱਲ ਰਹੀ ਕੜਾਕੇ ਦੀ ਠੰਡ ਨੂੰ ਮੁੱਖ ਰੱਖਦੇ ਹੋਏ ਤਾਪਮਾਨ ’ਚ ਆ ਰਹੀ ਗਿਰਾਵਟ ਕਾਰਨ ਇਸ ਮੌਸਮ ’ਚ ਬੀਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਐਡਵਾਈਜ਼ਰੀ ਜਾਰੀ ਕਰਦੇ ਹੋਏੇ ਕਿਹਾ ਕਿ ਇਸ ਸਮੇਂ ਸਰਦੀ ਦੇ ਨਾਲ-ਨਾਲ ਸੀਤ ਲਹਿਰ ਸ਼ੁਰੂ ਹੋ ਚੁੱਕੀ ਹੈ, ਜਿਸ ’ਚ ਜ਼ਿਆਦਾਤਰ ਬਜ਼ੁਰਗ ਅਤੇ ਛੋਟੇ ਬੱਚੇ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੂੰ ਸਰਦੀ ਲੱਗਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਨੂੰ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਡ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਇਸ ਮੌਸਮ ’ਚ ਨਿਮੋਨੀਆਂ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ’ਤੇ ਟੋਪੀ ਅਤੇ ਪੈਰਾਂ ’ਚ ਜੁਰਾਬਾਂ ਜ਼ਰੂਰ ਪਾਈਆਂ ਜਾਣ। ਬੱਚਿਆਂ ਨੂੰ ਜ਼ਮੀਨ ’ਤੇ ਨੰਗੇ ਪੈਰੀ ਨਹੀਂ ਚੱਲਣ ਦੇਣਾ ਚਾਹੀਦਾ। ਸਰਦੀ ਦੇ ਮੌਸਮ ’ਚ ਘਰਾਂ ’ਚ ਬੰਦ ਕਮਰੇ ’ਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ’ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਬਿਜਲੀ ਦੇ ਮੀਟਰਾਂ ਨੂੰ ਲਗਾਉਣ ਵਾਲਿਆਂ ਲਈ ਖੜ੍ਹੀ ਹੋਈ ਵੱਡੀ ਪ੍ਰੇਸ਼ਾਨੀ

ਉਨ੍ਹਾਂ ਕਿਹਾ ਕਿ ਜ਼ਿਲਾ ਸਿਹਤ ਵਿਭਾਗ ਵੱਲੋਂ ਜ਼ਿਲੇ ਅਧੀਨ ਆਉਂਦੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਠੰਡ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ’ਚ ਲੋੜੀਂਦੇ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਠੰਡ ’ਚ ਕੰਬਣੀ ਆਉਣ ਨੂੰ ਵੀ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਇਹ ਪਹਿਲਾ ਸੰਕੇਤ ਹੈ ਕਿ ਤੁਹਾਡਾ ਸਰੀਰ ਗਰਮੀ ਗਵਾ ਰਿਹਾ ਹੈ। ਅਜਿਹੀ ਹਾਲਤ ’ਚ ਸ਼ਰਾਬ ਦਾ ਸੇਵਨ ਹਾਈਪੋਥਰਮੀਆ (ਸਰੀਰ ਦੇ ਤਾਪਮਾਨ ’ਚ ਗਿਰਾਵਟ) ਕਾਰਨ ਮੌਤ ਦੇ ਜੋਖਿਮ ਨੂੰ ਹੋਰ ਵਧਾ ਦਿੰਦਾ ਹੈ। ਰਾਸ਼ਟਰੀ ਵਾਤਾਵਰਣ ਤਬਦੀਲੀ ਮਨੁੱਖੀ ਸਿਹਤ ਪ੍ਰੋਗਰਾਮ ਦੇ ਜ਼ਿਲਾ ਨੋਡਲ ਅਫਸਰ ਡਾ. ਸੁਮਿਤ ਸਿੰਘ ਨੇ ਕਿਹਾ ਕਿ ਦਮਾ ਅਤੇ ਸਾਹ ਦੀ ਬੀਮਾਰੀ ਦੇ ਮਰੀਜ਼ ਬਹੁਤੀ ਜ਼ਿਆਦਾ ਠੰਢ ਹੋਣ ’ਤੇ ਸਵੇਰੇ ਜਲਦੀ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਖੁਰਾਕ ’ਚ ਵੀ ਗਰਮ ਚੀਜ਼ਾਂ ਜਿਵੇਂ ਸੂਪ, ਚਾਹ, ਕੌਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨ।

ਇਹ ਵੀ ਪੜ੍ਹੋ : ਪੰਜਾਬ 'ਚ ਦਰਦਨਾਕ ਘਟਨਾ, ਚੱਕੀ ਦੇ ਪਟੇ ਫਸਿਆ ਮੁੰਡੇ ਦਾ ਪਰਨਾ, ਵਾਪਰਿਆ ਦਹਿਲਾਉਣ ਵਾਲਾ ਮੰਜ਼ਰ

ਇਸ ਮੌਸਮ ’ਚ ਗਰਮ ਕੱਪੜੇ ਦੋ ਜਾਂ ਤਿੰਨ ਪਰਤਾਂ ’ਚ ਪਾਏ ਜਾਣ ਤਾਂ ਜੋ ਸਰੀਰ ਦਾ ਤਾਪਮਾਨ ਨਾਰਮਲ ਬਣਿਆ ਰਹੇ। ਸਰੀਰ ਦੇ ਤਾਪਮਾਨ ਦਾ ਸੰਤੁਲਨ ਬਣਾਏ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਜ਼ਰੂਰੀ ਹੈ। ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ-ਥੋੜ੍ਹੇ ਸਮੇਂ ਜਾਂ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਨਗੁਨਾ ਪਾਣੀ ਪੀਤਾ ਜਾਵੇ, ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਕਾਰਨ ਟਰਾਂਸਪੋਰਟ ਦੌਰਾਨ ਦੁਰਘਟਨਾਵਾਂ ਤੋਂ ਬਚਾਅ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਬੇਲੋੜੀ ਯਾਤਰਾ ਨੂੰ ਟਾਲਿਆ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News