ਪੰਜਾਬ ਪੁਲਸ ਨਾਲੋਂ ਜ਼ਿਆਦਾ ਲੋਕਾਂ ਕੋਲ ''ਹਥਿਆਰ''

Friday, Apr 12, 2019 - 01:19 PM (IST)

ਚੰਡੀਗੜ੍ਹ : ਪੰਜਾਬੀਆਂ ਨੂੰ 80 ਦੇ ਦਹਾਕੇ 'ਚ ਅੱਤਵਾਦੀਆਂ ਦੇ ਖੌਫ ਕਾਰਨ ਲਾਈਸੈਂਸੀ ਹਥਿਆਰ ਆਪਣੀ ਜਾਨ ਬਚਾਉਣ ਲਈ ਖਰੀਦਣੇ ਪੈਂਦੇ ਸਨ, ਜਦੋਂ ਕਿ ਅੱਤਵਾਦ ਦਾ ਖਾਤਮਾ ਹੋਣ ਕਾਰਨ ਬਾਅਦ 'ਚ ਇਹੀ ਹਥਿਆਰ ਪੰਜਾਬੀਅਤ ਦੀ ਪਛਾਣ ਤੇ ਸ਼ੌਂਕ ਬਣ ਗਏ। ਇਨ੍ਹਾਂ 'ਚ ਕਈ ਤਰ੍ਹਾਂ ਦੀਆਂ ਰਾਈਫਲਾਂ ਤੇ ਮਹਿੰਗੇ ਰਿਵਾਲਵਰ ਸ਼ਾਮਲ ਹਨ। ਲੋਕ ਸਭਾ ਚੋਣਾਂ 'ਚ ਕਮਿਸ਼ਨਰ ਦੀ ਹਦਾਇਤ ਰਹਿੰਦੀ ਹੈ ਕਿ ਤੈਅ ਸਮਾਂ ਹੱਦ 'ਚ ਲਾਈਸੈਂਸੀ ਹਥਿਆਰ ਸਬੰਧਿਤ ਥਾਣਿਆਂ 'ਚ ਜਮ੍ਹਾਂ ਕਰਵਾ ਦਿੱਤੇ ਜਾਣ। ਪੰਜਾਬ 'ਚ ਚੋਣਾਂ 19 ਮਈ ਨੂੰ ਹਨ ਅਤੇ ਹਥਿਆਰਾਂ ਨੂੰ ਥਾਣਿਆਂ 'ਚ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ। ਤੁਹਾਨੂੰ ਇਕ ਦਿਲਚਸਪ ਗੱਲ ਦੱਸਦੇ ਹਾਂ ਕਿ ਪੰਜਾਬ ਦੇ ਲੋਕਾਂ ਕੋਲ ਪੂਰੇ ਸੂਬੇ ਦੀ ਪੁਲਸ ਜਿੰਨੇ ਹਥਿਆਰ ਹਨ। ਇੱਥੇ ਔਸਤਨ ਹਰ 18ਵਾਂ ਪਰਿਵਾਰ ਹਥਿਆਰ ਰੱਖਦਾ ਹੈ। ਚੋਣ ਕਮਿਸ਼ਨ ਦੇ ਵੇਰਵਿਆਂ ਮੁਤਾਬਕ ਇੱਥੇ ਲੋਕਾਂ ਕੱਲ 3.61 ਲੱਖ ਲਾਈਸੈਂਸ ਹਥਿਆਰ ਹਨ, ਜਦੋਂ ਕਿ ਇਕ ਮੀਡੀਆ ਰਿਪੋਰਟ 'ਚ ਜ਼ਿਕਰ ਹੈ ਕਿ ਪੰਜਾਬ 'ਚ 82 ਹਜ਼ਾਰ ਪੁਲਸ ਮੁਲਾਜ਼ਮਾਂ ਤੇ ਅਫਸਰਾਂ ਕੋਲ 1 ਲੱਖ, 17 ਹਜ਼ਾਰ ਦੇ ਕਰੀਬ ਹਥਿਆਰ ਹਨ। 
ਲਾਈਸੈਂਸ ਦੇ ਵਾਅਦੇ 'ਤੇ ਮਿਲ ਜਾਂਦੀਆਂ ਵੋਟਾਂ
ਪੰਜਾਬ ਦੇ ਉੱਚ ਵਰਗ ਦਾ ਨੌਜਵਾਨ ਤਬਕਾ ਮਹਿੰਗੇ ਹਥਿਆਰਾਂ ਦਾ ਬਹੁਤ ਸ਼ੌਕੀਨ ਹੈ। ਕਈ ਵਾਰ ਇਸ ਨੌਜਵਾਨ ਤਬਕੇ ਦੇ ਵੋਟ ਹਾਸਲ ਕਰਨ ਲਈ ਨੇਤਾ ਉਨ੍ਹਾਂ ਨੂੰ ਵੋਟ ਦੇ ਬਦਲੇ ਹਥਿਆਰਾਂ ਦਾ ਲਾਈਸੈਂਸ ਬਣਾ ਕੇ ਦੇਣ ਦਾ ਵਾਅਦਾ ਵੀ ਕਰ ਦਿੰਦੇ ਹਨ। ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਇੱਥੋਂ ਦੇ ਲੋਕ ਹਥਿਆਰਾਂ ਦੇ ਬਹੁਤ ਸ਼ੌਕੀਨ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸੱਤਾ 'ਚ ਪੈਂਠ ਰੱਖਣ ਵਾਲੇ ਲੋਕ ਵੋਟਰਾਂ ਨੂੰ ਖੁਦ ਲਾਈਸੈਂਸ ਬਣਾ ਕੇ ਦਿੰਦੇ ਹਨ। ਇੱਥੇ ਇਹ ਕਹਿਣਾ ਸਹੀ ਹੋਵੇਗਾ ਕਿ ਸੂਬੇ 'ਚ ਹਥਿਆਰਾਂ ਦੇ ਲਾਈਸੈਂਸ ਬਣਾ ਕੇ ਦੇਣ ਦਾ ਵਾਅਦਾ ਵੀ ਇਕ ਚੋਣ ਪੈਂਤੜਾ ਹੈ।
ਹਥਿਆਰਾਂ ਦੇ ਮਾਮਲੇ 'ਚ ਪੰਜਾਬ, ਦੇਸ਼ ਦੇ ਦੂਜੇ ਨੰਬਰ 'ਤੇ
ਹਥਿਆਰ ਰੱਖਣ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ, ਜਦੋਂ ਕਿ ਲਾਈਸੈਂਸ ਹੋਲਡਰ ਹਥਿਆਰਾਂ ਦੇ ਮਾਲਕਾਂ ਦੀ ਗਿਣਤੀ ਲਗਭਗ 12 ਲੱਖ ਹੈ। ਇਸ ਤੋਂ ਬਾਅਦ ਸਾਢੇ ਤਿੰਨ ਲੱਖ ਤੋਂ ਵੱਧ ਹਥਿਆਰ ਰੱਖਣ ਦੇ ਮਾਮਲੇ 'ਚ ਪੰਜਾਬ ਦਾ ਦੂਜਾ ਨੰਬਰ ਹੈ। ਤੀਜੇ ਨੰਬਰ 'ਤੇ ਮੱਧ ਪ੍ਰਦੇਸ਼ ਹੈ, ਜਿੱਥੇ ਲਾਈਸੈਂਸੀ ਹਥਿਆਰਾਂ ਦੀ ਗਿਣਤੀ ਲਗਭਗ ਪੌਣੇ 3 ਲੱਖ ਹੈ। ਦੇਸ਼ 'ਚ ਨਾਜਾਇਜ਼ ਤੌਰ 'ਤੇ ਗੈਰ-ਲਾਈਸੈਂਸੀ ਹਥਿਆਰਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ। ਖੈਰ ਲੋਕ ਸਭਾ ਚੋਣਾਂ ਕਰਕੇ ਚੋਣ ਕਮਿਸ਼ਨ ਵੀ ਸਖਤ ਹੋ ਗਿਆ ਹੈ। ਪੁਲਸ ਹਥਿਆਰਾਂ ਦੀ ਪੜਤਾਲ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਹਥਿਆਰ ਥਾਣਿਆਂ 'ਚ ਜਮ੍ਹਾਂ ਰਹਿਣਗੇ।

 


Babita

Content Editor

Related News