''ਅਸੀਂ ਤੈਨੂੰ ਵਿਦੇਸ਼ ਭੇਜਾਂਗੇ, ਸਾਰਾ ਖ਼ਰਚਾ ਸਾਡਾ'', ਫ਼ਿਰ ਵਿਆਹ ਮਗਰੋਂ ਮੁੱਕਰ ਗਏ ਸਹੁਰੇ, ਅੱਕ ਕੁੜੀ ਨੇ ਜੋ ਕੀਤਾ...
Monday, Nov 18, 2024 - 05:49 AM (IST)
ਮੋਗਾ (ਕਸ਼ਿਸ਼/ਬਾਵਾ)— ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੀ ਇਕ ਨੌਜਵਾਨ ਕੁੜੀ ਨੇ ਪੁਲਸ ਤੋਂ ਇਨਸਾਫ ਨਾ ਮਿਲਣ ’ਤੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਐੱਸ.ਐੱਸ.ਪੀ. ਦਫ਼ਤਰ ਅੱਗੇ ਆਤਮਦਾਹ ਦੀ ਦਿੱਤੀ ਧਮਕੀ ਦਿੱਤੀ ਹੈ। ਉਸ ਨੇ ਦੋਸ਼ ਲਾਇਆ ਕਿ ਉਹ ਇਨਸਾਫ ਲੈਣ ਲਈ ਪਿਛਲੇ ਇਕ ਸਾਲ ਤੋਂ ਪੁਲਸ ਅਧਿਕਾਰੀਆਂ ਦੇ ਹਾੜੇ ਕੱਢ ਰਹੀ ਹੈ, ਪਰ ਉਸ ਦੇ ਸਹੁਰਾ ਪਰਿਵਾਰ ਦੇ ਦਬਾਅ ਹੇਠ ਮੋਗਾ ਜ਼ਿਲੇ ਦੀ ਪੁਲਸ ਉਸ ਨੂੰ ਇਨਸਾਫ ਨਹੀਂ ਦਿਵਾ ਰਹੀ।
ਪੀੜਤ ਜਸਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਪਿੰਡ ਮਾਛੀਕੇ ਨੇ ਸੋਸ਼ਲ ਮੀਡੀਆ ’ਤੇ ਲਾਇਵ ਹੋ ਕੇ ਦੱਸਿਆ ਕਿ ਉਸ ਦਾ ਵਿਆਹ 15 ਫਰਵਰੀ 2023 ਨੂੰ ਜਸਪ੍ਰੀਤ ਸਿੰਘ ਪਿੰਡ ਛਾਪਾ (ਬਰਨਾਲਾ) ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਆਈਲੈਟਸ ਕੀਤੀ ਹੋਈ ਹੈ ਤੇ ਉਸ ਦੇ ਬੈਂਡ ਆਏ ਹੋਏ ਸਨ। ਵਿਆਹ ਤੋਂ ਪਹਿਲਾ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਦੇ ਸਾਰੇ ਖਰਚੇ ਚੁੱਕਣ ਦੀ ਜ਼ਿੰਮੇਵਾਰੀ ਲਈ ਸੀ। ਉਹ ਇਸ ਗੱਲ ਨਾਲ ਸਹਿਮਤ ਹੋਏ ਸੀ ਕਿ ਮੁੰਡਾ-ਕੁੜੀ ਦੋਵੇਂ ਇਕੱਠੇ ਬਾਹਰ ਭੇਜਾਂਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ 18 ਨਵੰਬਰ ਨੂੰ 'ਨੋ ਵਰਕ ਡੇ' ਮਨਾਉਣ ਦਾ ਐਲਾਨ
ਫਿਰ ਵਿਆਹ ਤੋਂ ਚਾਰ-ਪੰਜ ਦਿਨ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਦਾਜ ਵਿਚ ਕੁਝ ਨਾ ਲਿਆਉਣ ਦੇ ਤਾਅਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਪਤੀ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਕਈ ਮਹੀਨੇ ਬੀਤ ਜਾਣ ਬਾਅਦ ਵੀ ਮੇਰੇ ਸਹੁਰਾ ਪਰਿਵਾਰ ਨੇ ਮੇਰਾ ਕੋਈ ਵੀ ਕਾਗਜ਼ੀ ਪਰੂਫ ਆਪਣੇ ਨਾਲ ਨਹੀਂ ਬਣਾਇਆ ਮੇਰੇ ਪੁੱਛਣ ਤੇ ਮੈਨੂੰ ਟਾਲ ਦਿੰਦੇ ਸੀ। ਫੇਰ ਮੈਨੂੰ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਉਸ ਦਾ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਜਦ ਉਸ ਨੇ ਇਹ ਗੱਲ ਪੁੱਛੀ ਤਾਂ ਉਸ ਦੇ ਸਹੁਰੇ ਸਾਫ਼ ਮੁੱਕਰ ਗਏ।
ਇਸ ਤੋਂ ਬਾਅਦ ਜਸਪ੍ਰੀਤ ਨੇ ਐੱਸ.ਐੱਸ.ਪੀ. ਦਫ਼ਤਰ ਮੋਗਾ ਵਿਖੇ ਇਨਸਾਫ਼ ਲਈ ਦਰਖਾਸਤ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਤੀ ਦੇ ਮਾਮੇ, ਉਸ ਦੇ ਦੋਸਤਾਂ, ਚਾਚਾ ਤੇ ਪੁਲਸ ਵਾਲਿਆਂ ਨੇ ਇਹ ਕਹਿ ਕੇ ਰਾਜ਼ੀਨਾਮਾ ਕਰਵਾਇਆ ਸੀ ਕਿ ਸਾਡਾ ਮੁੰਡਾ ਕੁੜੀ ਨਾਲ 25 ਦਿਨਾਂ ਵਿਚ ਕੋਰਟ ਮੈਰਿਜ ਕਰਵਾਏਗਾ ਤੇ ਦੂਜੇ ਪਰੂਫ ਬਣਾਏਗਾ, ਪਰ ਉਸ ਦਾ ਸਹੁਰਾ ਪਰਿਵਾਰ ਮੁੜ ਇਸ ਵਾਅਦੇ ਤੋਂ ਮੁੱਕਰ ਗਿਆ ਤੇ ਉਸ ਨਾਲ ਪਹਿਲਾ ਵਾਂਗ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਅੱਗੇ ਦੱਸਿਆ ਕਿ ਉਹ ਸਭ ਕੁਝ 4 ਮਹੀਨੇ ਤਕ ਸਹਿੰਦੀ ਰਹੀ, ਫਿਰ 23 ਜੂਨ 2024 ਨੂੰ ਉਸ ਦੇ ਸਹੁਰਿਆਂ ਨੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋ ਕੱਢ ਦਿੱਤਾ।
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਵਰਤਦੇ ਹੋ ATM ਤਾਂ ਹੋ ਜਾਓ ਸਾਵਧਾਨ ! ਤੁਹਾਡੇ ਨਾਲ ਵੀ ਨਾ ਹੋ ਜਾਵੇ ਜੋ ਇਸ ਬਜ਼ੁਰਗ ਨਾਲ ਹੋਈ
ਇਸ ਤੋਂ ਬਾਅਦ ਉਸ ਨੇ ਆਪਣੇ ਨਾਲ ਹੋਏ ਧੋਖੇ ਦਾ ਇਨਸਾਫ਼ ਲੈਣ ਲਈ ਸੁਹਰਿਆਂ ਖਿਲਾਫ ਮੁੜ ਐੱਸ.ਐੱਸ.ਪੀ. ਮੋਗਾ ਨੂੰ ਦਰਖਾਸਤ ਦਿੱਤੀ ਪਰ ਪੁਲਸ ਪ੍ਰਸ਼ਾਸਨ ਨੇ ਲਾਰੇ ਲੱਪਿਆਂ ਤੋਂ ਬਗੈਰ ਇਨਸਾਫ ਦੇਣ ਲਈ ਕੁਝ ਨਹੀਂ ਕੀਤਾ। ਇਸ ਦੌਰਾਨ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਧਮਕੀਆਂ ਦਿੰਦਾ ਰਿਹਾ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਕਿ ਅਸੀਂ ਆਪਣਾ ਪੁੱਤ ਜ਼ਮੀਨ ਵੇਚ ਕੇ ਛੁਡਾ ਲਵਾਂਗੇ।
ਪੀੜਤ ਲੜਕੀ ਨੇ ਕਿਹਾ ਕਿ ਉਹ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਦਫ਼ਤਰ ਅੱਗੇ ਦਿਨ-ਰਾਤ ਦੇ ਧਰਨੇ ’ਤੇ ਬੈਠੇਗੀ ਅਤੇ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਆਤਮ-ਦਾਹ ਵੀ ਕਰ ਸਕਦੀ ਹੈ। ਉਸ ਨੇ ਕਿਹਾ ਕਿ ਮੈਂ ਗਰੀਬ ਪਰਿਵਾਰ ਦੀ ਧੀ ਹਾਂ, ਉਸ ਨੇ ਇਨਸਾਫ ਪਸੰਦ ਜਥੇਬੰਦੀਆ, ਪੰਚਾਇਤਾ ਅਤੇ ਹੋਰ ਸੰਸਥਾਵਾ ਤੋਂ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਿਵਾਉਣ ਲਈ ਸਹਿਯੋਗ ਕੀਤਾ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e