''ਜਲਦ ਸੁਣਵਾਈ ਨਾ ਹੋਈ ਤਾਂ 10 ਨੂੰ ਕਰਾਂਗੇ ਰੋਡ ਜਾਮ, ਜ਼ਿੰਮੇਵਾਰ ਹੋਵੇਗਾ ਪ੍ਰਸ਼ਾਸਨ''
Sunday, Jul 02, 2017 - 07:50 AM (IST)

ਜਲੰਧਰ, (ਵਰਿਆਣਾ, ਵਰਿੰਦਰ)— ਜੇਕਰ ਗਲੀ ਦੇ ਮਾਮਲੇ ਵਿਚ ਸਾਡੀ ਜਲਦ ਸੁਣਵਾਈ ਨਾ ਹੋਈ ਤਾਂ ਅਸੀਂ ਮਜਬੂਰਨ 10 ਜੁਲਾਈ ਨੂੰ ਪਿੰਡ ਵਾਸੀਆਂ ਸਹਿਤ ਜਲੰਧਰ-ਕਪੂਰਥਲਾ ਰੋਡ (ਮੰਡ ਦੇ ਕਰੀਬ) ਜਾਮ ਕਰ ਰੋਸ ਪ੍ਰਦਰਸ਼ਨ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਪੁਲਸ ਅਤੇ ਸਬੰਧਿਤ ਵਿਭਾਗ ਦੀ ਹੋਵੇਗੀ। ਉਕਤ ਜਾਣਕਾਰੀ ਦਿੰਦਿਆਂ ਪਿੰਡ ਕੋਹਾਲਾ ਦੇ ਸੁਖਦੇਵ ਸਿੰਘ, ਸਾਬਕਾ ਸਰਪੰਚ ਚਰਨਜੀਤ ਸਿੰਘ ਆਦਿ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਇਕ ਪਰਿਵਾਰ ਨੇ ਗਲੀ ਵਿਚ ਇਸ ਕਰ ਕੇ ਮਿੱਟੀ ਸੁੱੁਟ ਦਿੱਤੀ ਕਿ ਇਹ ਉਨ੍ਹਾਂ ਦੀ ਨਿੱਜੀ ਮਲਕੀਅਤ ਹੈ ਜਦਕਿ ਉਕਤ ਗਲੀ ਪੰਚਾਇਤੀ ਹੈ ਜਿਸ ਵਿਚ ਸਰਕਾਰੀ ਇੱਟਾਂ ਲੱਗੀਆਂ ਹੋਈਆਂ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਵਿਚ ਲੋਕਾਂ ਦਾ ਲਾਂਘਾ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ਕ ਪੁਲਸ ਪ੍ਰਸ਼ਾਸਨ ਅਤੇ ਬੀ. ਡੀ. ਪੀ. ਓ. ਆਦਿ ਵੱਲੋਂ ਅਗਲੇ ਆਦੇਸ਼ ਆਉਣ ਤਕ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ ਪਰ ਅਜੇ ਤਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸੁੱਟੀ ਮਿੱਟੀ ਨੂੰ ਚੁਕਵਾਇਆ ਨਹੀਂ ਗਿਆ, ਜਿਸ ਕਰ ਕੇ ਪਿੰਡ ਦੇ ਲੋਕਾਂ ਨੂੰ ਆਉਣ ਜਾਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਉਕਤ ਗਲੀ ਦੇ ਮਾਮਲੇ ਵਿਚ ਨਿਆਂ ਲੈਣ ਲਈ ਪਿਛਲੇ ਦਿਨੀਂ ਜਸਵਿੰਦਰ ਸਿੰਘ ਨਾਗਰਾ, ਸਰਵਨ ਸਿੰਘ, ਆਤਮਾ ਸਿੰਘ , ਮਨਜਿੰਦਰ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ ਆਦਿ ਪਿੰਡ ਵਾਸੀਆਂ ਸਹਿਤ ਡੀ. ਸੀ., ਬੀ. ਡੀ ਪੀ. ਓ. , ਡੀ. ਡੀ. ਪੀ. ਓ. ਆਦਿ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਦਿੱਤੇ ਗਏ ਹਨ।
ਮਾਮਲਾ ਬੀ. ਡੀ. ਪੀ. ਓ. ਵੈਸਟ ਕੋਲ ਹੈ, ਉਹੀ ਜਾਂਚ ਕਰ ਰਹੇ ਨੇ : ਬਾਲੀ : ਇਸ ਸਬੰਧੀ ਜਦੋਂ ਥਾਣਾ ਲਾਂਬੜਾ ਦੇ ਮੁਖੀ ਪੁਸ਼ਪ ਬਾਲੀ ਕੋਲੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਮਾਮਲਾ ਬੀ. ਡੀ ਪੀ. ਓ. ਵੈਸਟ ਕੋਲ ਹੈ, ਉਹ ਹੀ ਇਸ ਸਬੰਧੀ ਜਾਂਚ ਕਰ ਰਹੇ ਹਨ। ਇਸ ਲਈ ਉਹ ਕੀ ਕਾਰਵਾਈ ਕਰ ਰਹੇ ਹਨ, ਉਹੀ ਦੱਸ ਸਕਦੇ ਹਨ। ਜਦੋਂ ਬੀ. ਡੀ. ਪੀ. ਓ. ਜਲੰਧਰ ਵੈਸਟ ਨਾਲ ਸੰਪਰਕ ਕਰਨਾ ਚਾਹਿਆ ਤਾਂ ਪਤਾ ਲੱਗਾ ਕਿ ਪਹਿਲੇ ਅਧਿਕਾਰੀ ਦੀ ਬਦਲੀ ਹੋ ਚੁੱਕੀ ਹੈ ਜੋ ਨਵਾਂ ਆਇਆ ਹੈ ਉਮੀਦ ਹੈ ਉਹ ਸੋਮਵਾਰ ਨੂੰ ਆਪਣੀ ਡਿਊਟੀ 'ਤੇ ਆਉਣਗੇ, ਜਿਸ ਕਰ ਕੇ ਉਨ੍ਹਾਂ ਦਾ ਪੱਖ ਲੈਣ ਤੋਂ ਰਹਿ ਗਿਆ।