ਹੋਲੇ-ਮਹੱਲੇ ’ਤੇ ਗ੍ਰਿਫਤਾਰ ਕੀਤੇ ਸਿੰਘਾਂ ਦੀ ਜਲਦ ਤੋਂ ਜਲਦ ਰਿਹਾਈ ਯਕੀਨੀ ਬਣਾਵਾਂਗੇ : ਸਿਰਸਾ
Tuesday, Jul 20, 2021 - 12:38 AM (IST)
ਨਵੀਂ ਦਿੱਲੀ,ਜਲੰਧਰ(ਚਾਵਲਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਹਾਰਾਸ਼ਟਰ ’ਚ ਹੋਲੇ-ਮਹੱਲੇ ’ਤੇ ਗ੍ਰਿਫਤਾਰ ਕੀਤੇ ਗਏ ਸਿੰਘਾਂ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਮਗਰੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕਮੇਟੀ ਦਾ ਵਫਦ ਗ੍ਰਹਿ ਮੰਤਰੀ ਤੇ ਸੂਬੇ ਦੇ ਡੀ. ਜੀ. ਪੀ. ਨੂੰ ਮਿਲਿਆ ਤੇ ਹਿਰਾਸਤ ਵਿਚ ਲਏ ਸਿੰਘਾਂ ਦੀ ਤੁਰੰਤ ਰਿਹਾਈ ਦਾ ਮਾਮਲਾ ਚੁੱਕਿਆ।
ਇਹ ਵੀ ਪੜ੍ਹੋ : ਕੀ ਕੈਪਟਨ ਹਾਈਕਮਾਂਡ ਦੇ ਫ਼ੈਸਲੇ ਤੋਂ ਹਨ ਸੰਤੁਸ਼ਟ !
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਬਾਦਲ ਵੱਲੋਂ ਮਾਮਲਾ ਚੁੱਕਣ ਤੋਂ ਬਾਅਦ ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਵਫਦ ਨੇ ਸੂਬੇ ਦੇ ਗ੍ਰਹਿ ਮੰਤਰੀ ਦਲੀਪ ਵਾਲਸੇ ਪਾਟਿਲ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਵਫਦ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ-ਮਹੱਲੇ ਦੌਰਾਨ ਗ੍ਰਿਫਤਾਰ ਕੀਤੇ ਨੌਜਵਾਨਾਂ ਦਾ ਮਸਲਾ ਚੁੱਕਿਆ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਭਰੋਸਾ ਦੁਆਇਆ ਕਿ ਗ੍ਰਿਫਤਾਰ ਕੀਤੇ ਗਏ ਸਿੱਖਾਂ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਛੇਤੀ ਰਿਹਾਅ ਕਰ ਦਿੱਤਾ ਜਾਵੇਗਾ।
ਸਿਰਸਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਨਾਲ ਮੁਲਾਕਾਤ ਮਗਰੋਂ ਵਫਦ ਨੇ ਸੂਬੇ ਦੇ ਡੀ. ਜੀ. ਪੀ. ਸੁਨੀਲ ਪਾਂਡੇ ਨਾਲ ਵੀ ਮੁਲਾਕਾਤ ਕੀਤੀ ਤੇ ਇਹੀ ਮਾਮਲਾ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਕੱਲ ਵਫਦ ਵੱਲੋਂ ਆਈ. ਜੀ. ਨਾਂਦੇੜ ਸਾਹਿਬ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਇਹ ਮਾਮਲਾ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਕਿਹਾ ਮੇਰਾ ਸਫ਼ਰ ਅਜੇ ਸ਼ੁਰੂ ਹੋਇਆ
ਸਿਰਸਾ ਨੇ ਇਹ ਵੀ ਦੱਸਿਆ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਸ੍ਰੀ ਨਾਂਦੇੜ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਵਾਲਿਆਂ ਦੇ ਹੁਕਮਾਂ ’ਤੇ ਕਮੇਟੀ ਦੀ ਟੀਮ ਮਹਾਰਾਸ਼ਟਰ ਪਹੁੰਚੀ ਹੈ ਤੇ ਇਹ ਮਾਮਲਾ ਸਬੰਧਤ ਅਧਿਕਾਰੀਆਂ ਕੋਲ ਚੁੱਕ ਕੇ ਗ੍ਰਿਫਤਾਰ ਕੀਤੇ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਕਮੇਟੀ ਦੇ ਯਤਨਾਂ ’ਤੇ ਤਸੱਲੀ ਪ੍ਰਗਟ ਕੀਤੀ ਹੈ।