ਸਾਨੂੰ ਆਪਣਾ 5 ਹਜ਼ਾਰ ਸਾਲ ਪੁਰਾਣਾ ਵਿਰਾਸਤੀ ਖੇਤੀ ਕਿੱਤਾ ਬਚਾਉਣ ਲਈ ਇਕੱਠੇ ਹੋਣ ਦੀ ਲੋੜ : ਨਵਜੋਤ ਸਿੱਧੂ

Monday, Sep 28, 2020 - 09:37 PM (IST)

ਸਾਨੂੰ ਆਪਣਾ 5 ਹਜ਼ਾਰ ਸਾਲ ਪੁਰਾਣਾ ਵਿਰਾਸਤੀ ਖੇਤੀ ਕਿੱਤਾ ਬਚਾਉਣ ਲਈ ਇਕੱਠੇ ਹੋਣ ਦੀ ਲੋੜ : ਨਵਜੋਤ ਸਿੱਧੂ

ਧੂਰੀ,(ਸੰਜੀਵ, ਅਸ਼ਵਨੀ)- ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਪਿੰਡ ਮਾਨਵਾਲਾ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ 5 ਹਜ਼ਾਰ ਸਾਲ ਪੁਰਾਣੇ ਵਿਰਾਸਤੀ ਖੇਤੀ ਕਿੱਤੇ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਇਕੱਠੇ ਹੋ ਕੇ ਲੜਣ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਰਾਜਨੀਤਕ ਹਿੱਤਾਂ ਤੋਂ ਉਪਰ ਉਠ ਕੇ ਕਿਸਾਨਾਂ ਦੀ ਪਿੱਠ ’ਤੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ ’ਚ ਅੰਬਾਨੀ ਅਤੇ ਅਡਾਨੀ ਵਰਗਿਆਂ ਦਾ ਰਾਜ ਹੋਵੇਗਾ। ਇਸ ਤੋਂ ਪਹਿਲਾਂ ਸਾਬਕਾ ਹਲਕਾ ਵਿਧਾਇਕ ਧਨਵੰਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੀ ਬਦੌਲਤ ਹੀ ਰਾਜਨੀਤੀ ’ਚ ਆਇਆ ਸੀ ਅਤੇ ਸਿੱਧੂ ਪਰਿਵਾਰ ਨਾਲ ਮੇਰਾ ਨਹੁੰ-ਮਾਸ ਦਾ ਰਿਸ਼ਤਾ ਹੈ।

ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ ਨਾਲ ਸ਼ੁਰੂ ਕੀਤੇ ਸੰਬੋਧਨ ’ਚ ਕਿਹਾ ਕਿ ਅੱਜ ਲੜਾਈ ਪੱਗ ਦੀ ਹੈ ਅਤੇ ਸਾਰੇ ਪੰਜਾਬ ਦੇ ਲੋਕ ਮੇਰੀ ਪੱਗ ਦੇ ਇਕ-ਇਕ ਲੜ ਵਰਗੇ ਹਨ। ਉਨਾਂ ਕਿਹਾ ਕਿ ਇਕ ਪਾਸੇ ਪੂੰਜੀਪਤੀਆਂ ਦੇ 5-5 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਅਤੇ 15 ਲੱਖ ਕਰੋੜ ਰੁਪਏ ਲੈ ਕੇ ਦੇਸ਼ ਦੇ ਵੱਡੇ ਉਦਯੋਗਪਤੀ ਵਿਦੇਸ਼ਾਂ ਨੂੰ ਭੱਜ ਗਏ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨ ਦੀ ਫਸਲ ਦਾ ਐੱਮ.ਐੱਸ.ਪੀ. ਵੀ ਖਤਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ’ਚ ਫੇਲ ਹੋਏ ਸਿਸਟਮ ਨੂੰ ਸਾਡੇ ’ਤੇ ਜਬਰੀ ਥੋਪਿਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਫਸਲਾਂ ਦਾ ਮੰਡੀਕਰਨ ਕਰ ਕੇ ਕਿਸਾਨ ਨੂੰ ਮਜ਼ਦੂਰ ਬਣਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।

ਉਨਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਆਪਣੀਆਂ ਫਸਲਾਂ ਦਾ ਸਹੀ ਮੁੱਲ ਲੈਣਾ ਹੈ, ਤਾਂ ਸਹਿਕਾਰਿਤਾ ਸਿਸਟਮ ਅਪਨਾਉਣ ਦੀ ਲੋੜ ਹੈ, ਜਿਸ ਵਾਸਤੇ ਰਾਜ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।


author

Bharat Thapa

Content Editor

Related News