ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਨੇ ਸੂਬਾ ਸਰਕਾਰ ਖਿਲਾਫ ਦਿੱਤਾ ਧਰਨਾ

Wednesday, Jul 25, 2018 - 05:56 AM (IST)

ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਨੇ ਸੂਬਾ ਸਰਕਾਰ ਖਿਲਾਫ ਦਿੱਤਾ ਧਰਨਾ

ਪਟਿਆਲਾ/ਰੱਖਡ਼ਾ, (ਰਾਣਾ)- ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਪੰਜਾਬ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਪਟਿਆਲਾ ਵਿਚ ਨਵੀਂ ਪੋਸਟ ’ਤੇ ਤਾਇਨਾਤ ਕੀਤੀ ਡਿਪਟੀ ਡਾਇਰੈਕਟਰ ਦਾ ਵੀ ਵਿਰੋਧ ਕੀਤਾ ਗਿਆ। ਜਲ ਸਪਲਾਈ ਸੈਨੀਟੇਸ਼ਨ ਦੇ ਮੁੱਖ ਦਫ਼ਤਰ ਅੱਗੇ ਸਮੁੱਚੇ ਕਾਮਿਆਂ ਨੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ। ਧਰਨਾਕਾਰੀ ਸਰਕਾਰ ਵਿਰੁੱਧ ਨਾਅਰੇ ਲਾਉਂਦੇ ਹੋਏ ਜਦੋਂ ਮਿੰਨੀ ਸਕੱਤਰੇਤ ਵੱਲ ਨੂੰ ਜਾਣ ਲੱਗੇ ਤਾਂ ਪੁਲਸ ਨੇ ਅੱਧ-ਵਿਚਕਾਰ ਹੀ ਰੋਕ ਦਿੱਤਾ।  ਸਮੁੱਚੇ ਕਾਮਿਆਂ ਨੇ ਰੋਕਣ ਵਾਲੀ ਜਗ੍ਹਾ ’ਤੇ ਹੀ ਆਪਣਾ ਧਰਨਾ ਜਾਰੀ ਰੱਖਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਣੀਆਂ, ਜਨਰਲ ਸਕੱਤਰ ਮੁਕੇਸ਼ ਕੰਡਾ, ਰਾਜਪਾਲ ਲਸੋਈ, ਸੁਖਬੀਰ ਸਿੰਘ, ਸੁਖਦੇਵ ਸਿੰਘ ਤੇ ਬਿਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਲੱਗੀ ਹੋਈ ਹੈ। ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ, ਜਿਸ ਕਰ ਕੇ ਸਮੁੱਚੇ ਮੁਲਾਜ਼ਮਾਂ ਨੂੰ ਸਰਕਾਰ ਖਿਲਾਫ ਸਡ਼ਕਾਂ ’ਤੇ ਉਤਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਨਿੱਜੀਕਰਨ, ਟਾਈਮ ਸਕੇਲ, ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਕਰਨਾ ਤੇ ਸਰਕਲ ਤੋਡ਼ਨੇ ਆਦਿ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਹਰ ਮੀਟਿੰਗ ਵਿਚ ਸਰਕਾਰ ਯੂਨੀਅਨ ਵਾਅਦੇ ਕਰ ਕੇ ਭੱਜ ਜਾਂਦੀ ਹੈ। ਸਰਕਾਰ ਨੇ ਜੇਕਰ  ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਰੋਹ ਨੂੰ ਦੇਖਦੇ ਹੋਏ ਜਲ ਸਪਲਾਈ ਸੈਨੀਟੇਸ਼ਨ ਦੀ ਸੈਕਟਰੀ ਨੇ 7 ਅਗਸਤ ਨੂੰ ਯੂਨੀਅਨ ਆਗੂਆਂ ਨਾਲ ਮੀਟਿੰਗ ਰੱਖੀ ਹੈ। ਜੇਕਰ ਮੀਟਿੰਗ ਦੌਰਾਨ ਸਮੁੱਚੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ 18 ਅਗਸਤ ਨੂੰ ਸਬੰਧਤ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਪੱਕੇ ਮੋਰਚੇ ਲਾਏ ਜਾਣਗੇ ਤਾਂ ਜੋ ਸਰਕਾਰ  ਵੱਲੋਂ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਇਆ ਜਾ ਸਕੇ। ਯੂਨੀਅਨ ਆਗੂਆਂ ਨੇ ਕਿਹਾ ਕਿ ਚੋਣ ਮੈਨੀਫੈਸਟੋ ਦੌਰਾਨ ਸਰਕਾਰ ਵੱਲੋਂ ਸਮੁੱਚੇ ਵਾਅਦੇ ਪੂਰੇ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸੀ। ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਮੁੱਚੇ ਮੁਲਾਜ਼ਮਾਂ ਵਿਚ ਕਾਫੀ ਰੋਸ ਹੈ। 
 


Related News