182. 56 ਕਰੋੜ ਦੀ ਵਾਟਰ ਸਪਲਾਈ ਤੇ ਸੀਵਰੇਜ਼ ਸਕੀਮ ਨੂੰ ਲੱਗਾ ਗ੍ਰਹਿਣ
Friday, Feb 09, 2018 - 04:08 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਵਿੱਤੀ ਸੰਕਟ ਨਾਲ ਜੂਝ ਰਹੀ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਮੰਜ਼ੂਰ ਕੀਤੀ ਸਕੀਮ ਨੂੰ ਗ੍ਰਹਿਣ ਲੱਗ ਗਿਆ ਹੈ। ਇਸ ਸਕੀਮ ਅਧੀਨ ਕੇਂਦਰ ਸਰਕਾਰ ਨੇ ਕੁੱਲ ਰਾਸ਼ੀ ਦਾ 50 ਫੀਸਦੀ, ਪੰਜਾਬ ਸਰਕਾਰ ਨੇ 30 ਫੀਸਦੀ ਅਤੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਨੇ 20 ਪ੍ਰਤੀਸ਼ਤ ਹਿੱਸਾ ਦੇਣਾ ਸੀ। ਇਸ ਸਮੇਂ ਕੌਂਸਲ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ। ਇਸ ਸਮੇਂ ਇਨ੍ਹਾਂ ਦਾ ਜਨਾਜਾ ਨਿਕਲ ਚੁੱਕਾ ਹੈ। ਸ਼ਹਿਰ ਦੀਆਂ ਜ਼ਿਆਦਾਤਰ ਸਟਰੀਟ ਲਾਇਟਾਂ ਬੰਦ ਹਨ। ਸਫ਼ਾਈ ਦਾ ਬੁਰਾ ਹਾਲ ਹੈ।
ਕੌਂਸਲ ਕੋਲ ਪੈਸੇ ਦੀ ਘਾਟ ਹੋਣ ਕਾਰਨ ਕੱਚੇ ਸਫ਼ਾਈ ਸੇਵਕ ਰੱਖਣ ਲਈ ਠੇਕੇਦਾਰ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਸ਼ਹਿਰ ਵਿਚ ਟ੍ਰੈਫ਼ਿਕ ਜਾਮ ਅਤੇ ਅਵਾਰਾ ਪਸ਼ੂਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਇਸ ਸਕੀਮ ਦੇ ਤਹਿਤ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਲਈ ਸ੍ਰੀ ਮੁਕਤਸਰ ਸਾਹਿਬ ਵਿਚ 182. 56 ਕਰੋੜ ਰੁਪਏ ਖਰਚ ਹੋਣੇ ਸਨ। ਸ਼ਹਿਰ ਨੂੰ ਪੀਣ ਵਾਲਾ ਪਾਣੀ 24 ਘੰਟੇ ਸਪਲਾਈ ਕਰਨ ਲਈ ਸਰਹਿੰਦ ਕੈਨਾਲ ਤੋਂ ਵਾਟਰ ਵਰਕਸ ਦੇ ਸਟੋਰੇਜ਼ ਟੈਂਕਾਂ ਤੱਕ 3 ਫੁੱਟ ਡਾਇਆ ਦੀਆਂ ਹਿਊਮ ਪਾਈਪਾਂ, ਦੀ ਲੰਬਾਈ 9.1 ਮੀਟਰ ਹੋਵੇਗੀ, ਤਿੰਨ ਓਵਰ ਹੈਡ ਅਤੇ ਸ਼ਹਿਰ ਵਿਚ 64 ਕਿਲੋਮੀਟਰ ਪਾਣੀ ਦੇ ਡਿਸਟ੍ਰੀਬਿਊਸ਼ਨ ਸਿਸਟਮ ਲਈ 53. 96 ਕਰੋੜ ਰੁਪਏ, ਸੀਵਰੇਜ਼ ਸਿਸਟਮ ਦੀਆਂ ਪੁਰਾਣੀਆਂ ਲਾਇਨਾਂ ਦੀ ਮੁਰੰਮਤ, ਨਵੀਂ ਗਲੀਆਂ ਅਤੇ ਨਵਾਂ ਸੀਵਰੇਜ਼ ਪਾਉਣ ਲਈ 57. 48 ਕਰੋੜ ਰੁਪਏ , ਨਵਾਂ ਟਰੀਟਮੈਂਟ ਪਲਾਂਟ 10 ਐਮ.ਐਲ. ਡੀ. , ਨਵੀਂ ਪੰਪਿੰਗ ਮਸ਼ੀਨਰੀ ਅਤੇ ਟਰਾਂਸਫਾਰਮਰ ਆਦਿ ਤੇ 13.76 ਕਰੋੜ ਰੁਪਏ, ਵਾਟਰ ਵਰਕਸ ਅਤੇ ਸੀਵਰੇਜ ਦੇ 10 ਸਾਲਾ ਦੇ ਰੱਖ ਰਖਾਓ ਲਈ 6 ਕਰੋੜ ਰੁਪਏ ਪ੍ਰਤੀ ਸਾਲ ਤੋਂ ਇਲਾਵਾ ਸੜਕਾਂ ਆਦਿ ਦੀ ਮੁੜ ਉਸਾਰੀ ਲਈ ਖਰਚ ਹੋਣੇ ਸਨ।
ਕੇਂਦਰ ਸਰਕਾਰ ਦੀ ਅਮਰੂਤ ਸਕੀਮ ਤਹਿਤ 182.56 ਕਰੋੜ ਰੁਪਏ 'ਚੋਂ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੇ ਹਿੱਸੇ 91.28 ਕਰੋੜ ਰੁਪਏ ਆਉਂਦੇ ਹਨ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸ਼ਹਿਰ ਨੂੰ ਵਾਟਰ ਸਪਲਾਈ ਦੇਣ ਲਈ ਮੁੱਖ ਵਾਟਰ ਵਰਕਸ ਕੋਟਕਪੂਰਾ ਰੋਡ, ਟਿੱਬੀ ਸਾਹਿਬ ਰੋਡ ਅਤੇ ਪਿੰਡ ਚੱਕ ਬੀੜ ਸਰਕਾਰ (ਪੇਂਡੂ) ਸਮੇਤ ਤਿੰਨ ਭਾਗਾਂ 'ਚ ਵੰਡਿਆ ਹੋਇਆ ਹੈ, ਜਿਥੇ 7 ਸਟੋਰੇਜ਼ ਟੈਂਕ ਹਨ। ਸਾਲ 2008 ਤੋਂ ਬਾਅਦ ਸੱਤਾਂ ਡਿੱਗੀਆਂ 'ਚੋਂ ਕੇਵਲ ਇਕ ਡਿੱਗੀ ਦੀ ਸਫ਼ਾਈ ਕੀਤੀ। ਸੰਵਿਧਾਨ ਦੀ 74ਵੀਂ ਸੋਧ ਅਤੇ ਆਰਟੀਕਲ 243 ਪੀ/ਜੈਡ ਅਧੀਨ ਸਵੱਛ ਪਾਣੀ ਅਤੇ ਸੀਵਰੇਜ ਸਿਸਟਮ ਦੀ ਜ਼ਿੰਮੇਵਾਰੀ ਨਗਰ ਕੌਂਸਲਾਂ ਦੀ ਹੁੰਦੀ ਹੈ ਪਰ ਮੁਕਤਸਰ ਦੀ ਨਗਰ ਕੌਂਸਲ ਦਾ ਆਦਮ ਨਿਰਾਲਾ ਹੈ। ਚੁਣੇ ਹੋਏ ਨੁਮਾਇੰਦੇ ਪਾਣੀ ਅਤੇ ਸੀਵਰੇਜ ਦੇ ਕੰਮ ਲਈ ਆਪਣਾ ਫ਼ਰਜ਼ ਨਿਭਾਉਣ ਵਾਸਤੇ ਤਿਆਰ ਨਹੀਂ ਹਨ। ਨੈਸ਼ਨਲ ਕੰਜ਼ਿਊਮਰ ਅਵੇਅਰਨੈਸ ਗਰੁੱਪ (ਰਜਿ.) ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ ਆਦਿ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਨੂੰ ਠੀਕ ਕਰਵਾਉਣ ਦੀ ਅਪੀਲ ਕੀਤੀ।