ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਜਲ ਸਪਲਾਈ ਮਹਿਕਮੇ ਨੇ ਸਥਾਪਿਤ ਕੀਤੇ ਆਈਸੋਲੇਸ਼ਨ ਸੈਂਟਰ

Saturday, Jun 27, 2020 - 11:55 AM (IST)

ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਜਲ ਸਪਲਾਈ ਮਹਿਕਮੇ ਨੇ ਸਥਾਪਿਤ ਕੀਤੇ ਆਈਸੋਲੇਸ਼ਨ ਸੈਂਟਰ

ਚੰਡੀਗੜ੍ਹ (ਰਮਨਜੀਤ) : ਜਲ ਸਪਲਾਈ ਅਤੇ ਸੈਨੀਟੇਸ਼ਨ ਮਹਿਕਮੇ ਨੇ ਕੋਵਿਡ-19 ਮਾਮਲਿਆਂ 'ਚ ਵਾਧਾ ਹੋਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਮਰੀਜ਼ਾਂ ਨੂੰ ਸੰਭਾਲਣ ਲਈ ਬੁਨਿਆਦੀ ਸਹੂਲਤਾਂ ਵਧਾਉਣ ਲਈ ਐਮਰਜੈਂਸੀ ਉਪਾਅ ਵਿੱਢ ਦਿੱਤੇ ਹਨ। ਮਹਿਕਮੇ ਵੱਲੋਂ ਸਾਰੇ ਜ਼ਿਲ੍ਹਿਆਂ ਦੀਆਂ ਵੱਖ-ਵੱਖ ਥਾਵਾਂ ’ਤੇ ਆਈਸੋਲੇਸ਼ਨ ਬੈੱਡਾਂ ਦੀ ਵਿਵਸਥਾ ਵਾਲੇ ਡੈਡੀਕੇਟਿਡ ਕੋਵਿਡ ਕੇਅਰ ਯੂਨਿਟ ਸਥਾਪਿਤ ਕਰਨ ਸਬੰਧੀ ਕਾਰਜ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ  ਇੱਥੇ ਜਾਰੀ ਪ੍ਰੈਸ ਬਿਆਨ 'ਚ ਦਿੱਤੀ।

ਰਜ਼ੀਆ ਸੁਲਤਾਨਾ ਨੇ ਇਸ ਦਿਸ਼ਾ 'ਚ ਆਰੰਭੇ ਗਏ ਕਾਰਜਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਹਿਕਮੇ ਵੱਲੋਂ ਬੀ. ਐਂਡ ਆਰ. ਵਿਭਾਗ ਅਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਐੱਸ. ਬੀ. ਐੱਸ. ਨਗਰ ਦੇ ਪਿੰਡ ਢਾਹਾਂ ਕਲੇਰਾਂ ਵਿਖੇ 50 ਬਿਸਤਰਿਆਂ ਦੀ ਸਮਰੱਥਾ ਵਾਲਾ ਅਜਿਹਾ ਇਕ ਇਕਲੌਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮਰੀਜ਼ਾਂ ਦੀ ਸਹੂਲਤ ਲਈ 9 ਏਅਰ ਕੰਡੀਸ਼ਨਿੰਗ ਸਿਸਟਮ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵੈਂਟੀਲੇਸ਼ਨ ਸਿਸਟਮ ਸਮੇਤ ਛੱਤ ਦੇ ਉਪਰਲੇ ਪਾਸੇ ਸੋਡੀਅਮ ਹਾਈਪੋਕਲੋਰਾਈਟ ਘੋਲ ਵਾਲਾ ਟੈਂਕ ਵੀ ਪ੍ਰਦਾਨ ਕਰਵਾਇਆ ਗਿਆ ਹੈ। ਸੁਲਤਾਨਾ ਨੇ ਕਿਹਾ ਕਿ ਸੰਕਟ ਨਾਲ ਨਜਿੱਠਣ ਲਈ ਦੂਜੇ ਹਸਪਤਾਲਾਂ ਦੇ ਸਿਹਤ ਢਾਂਚੇ ਨੂੰ ਵੀ ਹੋਰ ਪੁਖ਼ਤਾ ਕੀਤਾ ਜਾ ਰਿਹਾ ਹੈ।
 


author

Babita

Content Editor

Related News