ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲ ਹੈ 33 ਕਰੋੜ ਰੁਪਏ ਬਿਜਲੀ ਬਿੱਲ ਬਕਾਇਆ

Thursday, Feb 08, 2018 - 03:58 AM (IST)

ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲ ਹੈ 33 ਕਰੋੜ ਰੁਪਏ ਬਿਜਲੀ ਬਿੱਲ ਬਕਾਇਆ

ਨਵਾਂਸ਼ਹਿਰ, (ਤ੍ਰਿਪਾਠੀ)- ਡੀ.ਸੀ. ਤੇ ਐੱਸ.ਐੱਸ.ਪੀ. ਦਫ਼ਤਰ ਸਮੇਤ ਕਈ ਸਰਕਾਰੀ ਵਿਭਾਗਾਂ ਵੱਲ ਬਿਜਲੀ ਬਿੱਲ ਪੈਂਡਿੰਗ ਪਏ ਹਨ। 
ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੀ ਜਾਣਕਾਰੀ ਬਾਰੇ ਸਮਾਜ ਸੇਵੀ ਤੇ ਐਡਵੋਕੇਟ ਸੰਤੋਖ ਸਿੰਘ ਬੰਗੜ ਨੇ ਦੱਸਿਆ ਕਿ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਵਾਂਸ਼ਹਿਰ ਸਰਕਲ, ਜਿਸ ਵਿਚ ਸਮੁੱਚਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਗੜ੍ਹਸ਼ੰਕਰ ਤਹਿਸੀਲ ਤੇ ਗੋਰਾਇਆ ਤਹਿਸੀਲ ਵੀ ਆਉਂਦੀ ਹੈ, ਵੱਲ ਪਾਵਰਕਾਮ ਵਿਭਾਗ ਦਾ ਕਰੀਬ 33 ਕਰੋੜ ਰੁਪਏ ਬਕਾਇਆ ਹੈ। ਨਵਾਂਸ਼ਹਿਰ ਸਰਕਲ ਵੱਲ ਬਕਾਇਆ ਰਾਸ਼ੀ ਕਰੀਬ 3 ਕਰੋੜ ਰੁਪਏ ਹੈ। ਜ਼ਿਕਰਯੋਗ ਹੈ ਕਿ ਵਾਟਰ ਸਪਲਾਈ ਵਿਭਾਗ ਵੱਲੋਂ ਬਿਜਲੀ ਬਿੱਲ ਜਮ੍ਹਾ ਨਾ ਕਰਵਾਉਣ 'ਤੇ ਪਾਵਰਕਾਮ ਵਿਭਾਗ ਵੱਲੋਂ ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਦੇ ਕਈ ਪਿੰਡਾਂ ਦੇ ਬਿਜਲੀ ਮੀਟਰ ਕੱਟ ਦਿੱਤੇ ਗਏ ਸਨ, ਜਿਸ ਦਾ ਵਿਰੋਧ ਹੋਣ 'ਤੇ ਰਾਜਨੀਤਕ ਦਬਾਅ ਕਾਰਨ ਛੇਤੀ ਬਿਜਲੀ ਬਿੱਲ ਜਮ੍ਹਾ ਕਰਨ ਦੇ ਭਰੋਸੇ ਤੋਂ ਬਾਅਦ ਬਿਜਲੀ ਮੀਟਰ ਬਹਾਲ ਕਰ ਦਿੱਤੇ ਗਏ ਸਨ ਪਰ ਬਾਵਜੂਦ ਇਸ ਦੇ ਪਾਰਵਕਾਮ ਵਿਭਾਗ ਦੀ ਵੱਡੀ ਰਾਸ਼ੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲ ਪਈ ਹੈ। 
ਐੱਸ.ਐੱਸ.ਪੀ. ਦਫ਼ਤਰ ਵੱਲ ਹੈ 27 ਲੱਖ ਰੁਪਏ ਬਕਾਇਆ  
ਜਾਣਕਾਰੀ ਅਨੁਸਾਰ ਸਿਰਫ ਨਵਾਂਸ਼ਹਿਰ 'ਚ ਐੱਸ.ਐੱਸ. ਪੀ. ਦਫਤਰ ਤੇ ਹੋਰ ਪੁਲਸ ਥਾਣਿਆਂ ਵੱਲ 27 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ। ਡੀ.ਸੀ. ਦਫ਼ਤਰ ਤੇ ਡੀ.ਸੀ. ਕੰਪਲੈਕਸ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ, ਜਿਸ 'ਤੇ ਕਰੀਬ 22 ਲੱਖ ਰੁਪਏ ਬਿਜਲੀ ਬਿੱਲ ਦਾ ਬਕਾਇਆ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਸਿੱਖਿਆ ਵਿਭਾਗ ਵੱਲ 7 ਲੱਖ, ਹੈਲਥ ਵਿਭਾਗ ਵੱਲ 28 ਲੱਖ ਰੁਪਏ ਤੇ ਸੈਨੀਟੇਸ਼ਨ ਵਿਭਾਗ ਵੱਲ ਕਰੀਬ 3 ਕਰੋੜ ਰੁਪਏ ਬਕਾਇਆ ਹਨ। ਜਦੋਂਕਿ ਪੂਰਾ ਜ਼ਿਲਾ ਸ਼ਹੀਦ ਭਗਤ ਸਿੰਘ ਪਾਵਰਕਾਮ ਸਰਕਲ ਜਿਸ ਵਿਚ ਗੋਰਾਇਆ ਤੇ ਗੜ੍ਹਸ਼ੰਕਰ ਤਹਿਸੀਲ ਵੀ ਸ਼ਾਮਲ ਹੈ, 'ਚ ਐਨੀਮਲ ਹਸਬੈਂਡਰੀ ਵਿਭਾਗ ਵੱਲ 8 ਲੱਖ, ਹੈਲਥ ਵਿਭਾਗ ਵੱਲ 73 ਲੱਖ, ਪੁਲਸ ਵਿਭਾਗ ਵੱਲ 36 ਲੱਖ, ਮਾਲ ਵਿਭਾਗ ਜਿਸ ਵਿਚ ਡੀ.ਸੀ. ਤੇ ਐੱਸ.ਡੀ. ਐੱਮ. ਦਫ਼ਤਰ ਵੀ ਸ਼ਾਮਲ ਹੈ, ਵੱਲ 62 ਲੱਖ, ਰੂਰਲ ਡਿਵੈੱਲਪਮੈਂਟ ਤੇ ਪੰਚਾਇਤ ਵਿਭਾਗ ਵੱਲ 7 ਲੱਖ ਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲ 33 ਲੱਖ ਰੁਪਏ ਦੀ ਰਾਸ਼ੀ ਬਕਾਇਆ ਪਈ ਹੈ।


Related News