268 ਕਰੋੜ ਬਕਾਇਆ ਰਕਮ ''ਚੋਂ ਸਿਰਫ 80 ਕਰੋੜ ਹੀ ਹੋਏ ਇਕੱਤਰ

Tuesday, May 08, 2018 - 12:06 AM (IST)

268 ਕਰੋੜ ਬਕਾਇਆ ਰਕਮ ''ਚੋਂ ਸਿਰਫ 80 ਕਰੋੜ ਹੀ ਹੋਏ ਇਕੱਤਰ

ਮਾਮਲਾ : ਪਾਣੀ ਦੇ ਪੈਂਡਿੰਗ ਬਿੱਲਾਂ ਦੀ ਅਦਾਇਗੀ ਦਾ
ਪਟਿਆਲਾ(ਰਾਣਾ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਸਮੇਂ ਸੂਬੇ ਭਰ ਵਿਚ ਜਲ ਸਪਲਾਈ ਵਿਭਾਗ ਦੀਆਂ ਪਿੰਡਾਂ ਵਿਚ ਟੈਂਕੀਆਂ ਦੇ ਪਾਣੀ ਦੇ ਬਿੱਲਾਂ ਦਾ ਬਕਾਇਆ 268 ਕਰੋੜ ਸੀ। ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਜਿਸ ਵੱਲ ਬਕਾਇਆ ਰਹਿੰਦਾ ਹੈ, ਉਸ ਨੂੰ 'ਵਨ ਟਾਈਮ ਸੈਟਲਮੈਂਟ' ਸਕੀਮ ਰਾਹੀਂ ਸਿਰਫ 2000 ਰੁਪਏ ਭਰਵਾ ਕੇ ਬਕਾਇਆ ਨਿੱਲ ਕਰ ਦਿੱਤਾ ਜਾਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਪੀਣ ਵਾਲੇ ਪਾਣੀ ਦੀ ਸਪਲਾਈ ਜਾਰੀ ਰਹਿ ਸਕੇ। ਇਸ ਸਕੀਮ ਰਾਹੀਂ ਕੁਝ ਦਿਨਾਂ ਵਿਚ ਹੀ ਵਿਭਾਗ ਨੇ ਸੂਬੇ ਭਰ ਵਿਚ 62 ਕਰੋੜ ਰੁਪਏ ਇਕੱਤਰ ਕਰਨ ਦਾ ਟੀਚਾ ਰੱਖਿਆ ਸੀ। ਵਿਭਾਗ ਨੇ ਟੀਚੇ ਤੋਂ ਵੱਧ 80 ਕਰੋੜ ਰੁਪਏ ਲੋਕਾਂ ਤੋਂ ਇਕੱਤਰ ਕਰ ਲਏ ਹਨ। ਜਿਸ ਦਿਨ ਤੋਂ ਸਰਕਾਰ ਨੇ ਬਿਜਲੀ ਵਿਭਾਗ ਨੂੰ ਪੱਤਰ ਜਾਰੀ ਕਰ ਕੇ ਖੁਦ ਆਪ ਅਦਾਇਗੀ ਕਰਨ ਦੇ ਫੈਸਲੇ ਨੂੰ ਲੈ ਕੇ ਸਮੁੱਚੇ ਪਾਣੀ ਵਾਲੀ ਟੈਂਕੀਆਂ ਦੇ ਕੁਨੈਕਸ਼ਨ ਨਾ ਕੱਟਣ ਅਤੇ ਕੱਟੇ ਕੁਨੈਕਸ਼ਨ ਮੁੜ ਜੋੜਨ ਦੇ ਹੁਕਮ ਜਾਰੀ ਕੀਤੇ ਹਨ, ਉਸ ਦਿਨ ਤੋਂ ਸਰਕਾਰ ਦੀ 'ਵਨ ਟਾਈਮ ਸੈਟਲਮੈਂਟ ਸਕੀਮ' ਨੂੰ ਵੀ ਬਰੇਕ ਲੱਗ ਚੁੱਕੀ ਹੈ। ਵਿਭਾਗ ਨੂੰ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਰਹਿੰਦੀਆਂ ਅਦਾਇਗੀਆਂ ਦੇ ਬਿੱਲ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ। ਇਸ ਨਾਲ ਵਿਭਾਗ ਨੂੰ ਮਜ਼ਬੂਤੀ ਮਿਲੇਗੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿਸ਼ਵ ਬੈਂਕ ਤੋਂ ਲੋਨ ਲੈ ਕੇ ਲਾਈਆਂ ਪਾਣੀਆਂ ਦੀਆਂ ਟੈਂਕੀਆਂ ਨੂੰ ਸੰਭਾਲਣ ਤੋਂ ਅਸਮਰੱਥ ਹੋ ਗਿਆ ਸੀ। ਪੰਚਾਇਤਾਂ ਨੂੰ ਦਿੱਤੀਆਂ ਟੈਂਕੀਆਂ ਅਤੇ ਜਲ ਸਪਲਾਈ ਵਿਭਾਗ ਖ਼ੁਦ ਚਲਾ ਰਿਹਾ ਟੈਂਕੀਆਂ ਦਾ ਬਿਜਲੀ ਬਿੱਲ 48491.31 ਲੱਖ ਰੁਪਏ ਬਕਾਇਆ ਹੋ ਗਿਆ ਸੀ। ਇਸ ਵਿਚੋਂ ਜਲ ਸਪਲਾਈ ਵੱਲੋਂ ਚਲਾਈਆਂ ਜਾ ਰਹੀਆਂ ਟੈਂਕੀਆਂ ਦਾ ਬਿੱਲ 268 ਕਰੋੜ ਰੁਪਏ ਸੀ।
ਇਨ੍ਹਾਂ ਪਿੰਡਾਂ ਵੱਲ ਖੜ੍ਹੀ ਹੈ ਬਕਾਇਆ ਅਦਾਇਗੀ
ਸੂਬੇ ਭਰ ਦੇ ਵੱਖ-ਵੱਖ ਪਿੰਡਾਂ ਵਿਚੋਂ ਬਿਜਲੀ ਬਿੱਲਾਂ ਦੀ ਅਦਾਇਗੀ ਵਿਚ ਬਾਬਾ ਬਕਾਲਾ ਸਭ ਤੋਂ ਉੱਪਰ ਹੈ। ਇਸ ਵੱਲ 1 ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲੇ ਦੇ ਛੋਟੀ ਪਰੋਸੀ ਦਾ 3 ਲੱਖ, ਖ਼ਾਨਪੁਰ ਦਾ 4 ਲੱਖ ਬਿੱਲ ਖੜ੍ਹਾ ਹੈ। ਪਟਿਆਲਾ ਜ਼ਿਲੇ ਦੇ ਪਿੰਡ ਦੌਣ ਕਲਾਂ ਦਾ 15 ਲੱਖ, ਬੋਹੜਪੁਰ ਜਨਹੇੜੀਆਂ ਦਾ 6 ਲੱਖ, ਆਲਮਪੁਰ ਦਾ ਸਾਢੇ 4 ਲੱਖ, ਰਾਏਪੁਰ ਮੰਡਲਾਂ ਦਾ 8 ਲੱਖ, ਭਟੇੜੀ ਕਲਾਂ ਦਾ 8 ਲੱਖ, ਰਸੂਲਪੁਰ ਜੌੜਾ ਦਾ 7 ਲੱਖ, ਦੌਣ ਖ਼ੁਰਦ ਦਾ 8 ਲੱਖ ਤੇ ਗਨੌਰ ਦਾ 6 ਲੱਖ ਰੁਪਏ ਖੜ੍ਹਾ ਹੈ। ਪਾਣੀ ਦੀਆਂ ਟੈਂਕੀਆਂ ਬੰਦ ਹਨ। ਅਜਨਾਲਾ ਬਰਾਂਚ ਦਾ ਖਾਨੇਵਾਲ ਦਾ 1.63 ਲੱਖ, ਰੋੜੇਵਾਲ 2.66 ਲੱਖ, ਘੋਨੇਵਾਲ 1.86 ਲੱਖ, ਪੰਡੋਰੀ ਦਾ 3.50 ਲੱਖ, ਕੱਲੋਮਹਾਲ 2.50 ਲੱਖ, ਗੁਰਾਲਾ ਦਾ 2.75 ਲੱਖ, ਡੱਲਾ ਰਾਜਪੂਤਾਂ ਦਾ 7 ਲੱਖ, ਪੁੱਗਾ ਦੇ 7 ਲੱਖ ਰੁਪਏ ਬਿੱਲ ਖੜ੍ਹੇ ਹਨ। ਬਲਾਕ ਲਹਿਰਾਗਾਗਾ ਵਿਚ ਕੋਟਲਾ ਲਹਿਲ ਦੀ ਟੈਂਕੀ ਬੰਦ ਹੈ। ਚੂਹੜਪੁਰ, ਭਾਈ ਕੀ ਪਿਸ਼ੌਰ, ਚੋਟੀਆਂ ਤੇ ਘੋੜੇਨਬ ਦਾ 14 ਲੱਖ ਬਿੱਲ ਹੋਣ ਕਰ ਕੇ ਪਾਣੀ ਦੀਆਂ ਟੈਂਕੀਆਂ ਬੰਦ ਹੋ ਗਈਆਂ ਹਨ। ਇਸੇ ਤਰ੍ਹਾਂ ਸ਼ੁਤਰਾਣਾ, ਜਾਖ਼ਲ, ਕਰਤਾਰਪੁਰ, ਜਗਵਾਲਾ, ਠਰੂਆ, ਗਲੌਲੀ, ਸਰਦਾਰ ਨਗਰ, ਜਲਾਲਪੁਰ, ਚੁਨਾਗਰਾ, ਰਾਮਪੁਰਾ ਦੁਗਾਲ, ਜਿਉਣਪੁਰਾ, ਸੰਤਪੁਰਾ ਬਰਾਸ, ਖਾਸਪੁਰ, ਦੇਧਣਾ, ਸੱਲਵਾਲਾ, ਤੰਬੂਵਾਲਾ, ਲਾਲਵਾ, ਫ਼ਿਰੋਜ਼ਪੁਰ ਦੇ ਪਿੰਡ ਲੱਲ, ਮੱਲੇ ਮਸਤੇ ਵਾਲਾ, ਸ਼ੀਹਾਂਪਾੜੀ, ਬੁੱਟਰ ਰੌਸ਼ਨ ਸਾਹ, ਲਹਿਰਾ ਬੇਟ, ਚੱਕੀਆਂ, ਭੋਏ ਵਾਲੀ ਵਸਤੀ, ਨਿਹਾਲ ਕੇ, ਖੰਨਾ, ਰਸੂਲਪੁਰ ਤੇ ਝੰਡਾ ਬੱਗਾ ਆਦਿ ਸ਼ਾਮਲ ਹਨ।
ਸਕੀਮ ਦਾ ਵਿਭਾਗ ਨੂੰ ਮਿਲਿਆ ਵੱਡਾ ਲਾਭ : ਅਸ਼ਵਨੀ ਕੁਮਾਰ
ਪੰਜਾਬ ਸਰਕਾਰ ਦੁਆਰਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿਚ ਚਲਾਈਆਂ ਜਾ ਰਹੀਆਂ ਪਾਣੀ ਦੀਆਂ ਟੈਂਕੀਆਂ ਦਾ ਬਕਾਇਆ ਬਿੱਲਾਂ ਦੀ ਅਦਾਇਗੀ ਦੇ ਮਾਮਲੇ ਨੂੰ ਸਿੱਧੇ ਤੌਰ 'ਤੇ ਆਪਣੇ ਹੱਥਾਂ ਵਿਚ ਲੈਣ ਕਾਰਨ ਵਿਭਾਗ ਨੇ ਸੁਖ ਦਾ ਸਾਹ ਲਿਆ ਹੈ। ਇਸ ਤੋਂ ਪਹਿਲਾਂ 'ਵਨ ਟਾਈਮ ਸੈਟਲਮੈਂਟ' ਸਕੀਮ ਅਧੀਨ ਵਿਭਾਗ ਵੱਲੋਂ 62 ਕਰੋੜ ਰੁਪਏ ਇਕੱਤਰ ਕਰਨ ਦੇ ਟੀਚੇ ਤੋਂ ਵੱਧ 80 ਕਰੋੜ ਰੁਪਏ ਇਕੱਤਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਵਿਭਾਗ ਦੇ ਐੱਚ. ਓ. ਡੀ. ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 'ਵਨ ਟਾਈਮ ਸੈਟਲਮੈਂਟ' ਦਾ ਵਿਭਾਗ ਨੂੰ ਵੱਡਾ ਲਾਭ ਮਿਲਿਆ ਹੈ। ਲੋਕਾਂ ਨੂੰ ਬਕਾਇਆ ਬਿੱਲਾਂ ਦੀ ਚਿੰਤਾ ਵੀ ਖਤਮ ਹੋ ਗਈ ਹੈ।


Related News